ਨਵੀਂ ਦਿੱਲੀ: ਮਾਨਸੂਨ ਦੇ ਚਾਲੂ ਸੰਸਦੀ ਇਜਲਾਸ ਵਿਚ ਹਰ ਰੋਜ਼ ਰੌਲਾ-ਰੱਪਾ ਪੈ ਰਿਹਾ ਹੈ ਜਿਸ ਕਾਰਨ ਕੰਮਕਾਜ ਠੀਕ ਢੰਗ ਨਾਲ ਨਹੀਂ ਹੋ ਰਿਹਾ। ਅੱਜ ਵੀ ਰਾਜ ਸਭਾ ਅਤੇ ਲੋਕ ਸਭਾ ਵਿਚ ਪੇਗਾਸਸ ਅਤੇ ਖੇਤੀ ਕਾਨੂੰਨਾਂ ਦੇ ਮਾਮਲਿਆਂ ’ਤੇ ਕਾਫ਼ੀ ਹੰਗਾਮਾ ਹੋਇਆ ਜਿਸ ਕਾਰਨ ਦੋਹਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਰੋਕਣੀ ਪਈ ਅਤੇ ਆਖਰ ਦੋਹਾਂ ਸਦਨਾਂ ਨੂੰ ਦਿਨ ਭਰ ਲਈ ਉਠਾ ਦਿਤਾ ਗਿਆ। ਲੋਕ ਸਭਾ ਦੀ ਕਾਰਵਾਈ ਜਿਉਂ ਹੀ 11 ਵਜੇ ਸ਼ੁਰੂ ਹੋਈ ਤਾਂ ਵਿਰੋਧੀ ਧਿਰਾਂ ‘ਖੇਲਾ ਹੋਵੇ’ ਦੇ ਨਾਹਰੇ ਲਾਉਣ ਲੱਗ ਪਈਆਂ। ਪੇਗਾਸਸ ਮਸਲੇ ’ਤੇ ਵੀ ਕਾਫ਼ੀ ਨਾਹਰੇਬਾਜ਼ੀ ਹੋਈ। ਮੈਂਬਰਾਂ ਨੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਵੀ ਹੰਗਾਮਾ ਕੀਤਾ ਜਿਸ ਕਾਰਨ ਦੋਹਾਂ ਸਦਨਾਂ ਦੀ ਕਾਰਵਾਈ ਵਾਰ ਵਾਰ ਰੁਕਦੀ ਰਹੀ। ਕੰਮਕਾਜ ਵਿਚ ਅੜਿੱਕਾ ਪੈਣ ਦੇ ਬਾਵਜੂਦ ਸੰਸਦ ਨੇ ਜਹਾਜ਼ੀ ਆਵਾਜਾਈ ਸੇਵਾਵਾਂ ਨੂੰ ਸੰਭਾਲਣ ਲਈ ਇਕ ਬਿੱਲ ਪਾਸ ਕੀਤਾ ਜਿਹੜਾ ਨੌਂ ਦਹਾਕੇ ਪੁਰਾਣੇ ਕਾਨੂੰਨ ਦੀ ਥਾਂ ਲਵੇਗਾ। ਇਸ ਵਿਚ ਲਾਈਟਹਾਊਸਾਂ ਦੀ ਵੀ ਸੰਭਾਲ ਕਰਨ ਸਬੰਧੀ ਨਵੇਂ ਨਿਯਮ ਬਣਾਏ ਗਏ ਹਨ। ਇਸੇ ਤਰ੍ਹਾਂ ਰਾਜ ਸਭਾ ਵਿਚ ਮਰੀਨ ਏਡਜ਼ ਟੂ ਨੇਵੀਗੇਸ਼ਨ ਬਿਲ 2021 ਪਾਸ ਕੀਤਾ ਗਿਆ। ਇਹ ਬਿੱਲ ਉਦੋਂ ਹੀ ਪਾਸ ਹੋਏ ਜਦ ਕਾਫ਼ੀ ਰੌਲਾ ਪੈ ਰਿਹਾ ਸੀ। ਲੋਕ ਸਭਾ ਵਿਚ ਇਹ ਬਿਲ 22 ਮਾਰਚ 2021 ਨੂੰ ਪਹਿਲਾਂ ਹੀ ਪਾਸ ਕੀਤਾ ਜਾ ਚੁਕਾ ਹੈ। ਜ਼ਿਕਰਯੋਗ ਹੈ ਕਿ ਜਿਸ ਦਿਨ ਤੋਂ ਇਜਲਾਸ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਰੌਲਾ ਰੱਪਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਅੱਜ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੂੰ ਕੰਮਕਾਜ ਵਿਚ ਅੜਿੱਕਾ ਪਾਉੋਣ ਦਾ ਦੋਸ਼ੀ ਕਰਾਰ ਦਿਤਾ।