ਬੰਗਲੌਰ : ਬਸਵਰਾਜ ਬੋਮਈ ਨੇ ਅੱਜ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਜਪਾਲ ਥਾਵਰਚੰਦ ਗਹਿਲੋਤ ਨੇ ਰਾਜ ਭਵਨ ਵਿਚ ਹੋਏ ਸਮਾਗਮ ਵਿਚ ਉਨ੍ਹਾਂ ਨੂੰ ਸਹੁੰ ਚੁਕਾਈ। ਕਰਨਾਟਕ ਵਿਚ ਭਾਜਪਾ ਦੇ ਵਿਧਾਇਕ ਦਲ ਨੇ ਮੁੱਖ ਮੰਤਰੀ ਅਹੁਦੇ ’ਤੇ ਸ਼ੋਸ਼ਪੰਜ ਨੂੰ ਖ਼ਤਮ ਕਰਨ ਕਲ ਸਾਮ ਨੂੰ 61 ਸਾਲਾ ਬੋਮਈ ਨੂੰ ਅਪਣਾ ਨੇਤਾ ਚੁਣਿਆ ਸੀ। ਬੋਮਈ ਨੇ ਸੀਨੀਅਰ ਆਗੂ ਬੀ ਐਸ ਯੇਦੀਯੁਰੱਪਾ ਦੀ ਥਾਂ ਲਈ ਹੈ। ਉਤਰ ਕਰਨਾਟਕ ਤੋਂ Çਲੰਗਾਯਤ ਭਾਈਚਾਰੇ ਦੇ ਨੇਤਾ ਬੋਮਈ ਨੂੰ ਯੇਦੀਯੁਰੱਪਾ ਦਾ ਕਰੀਬੀ ਮੰਨਿਆ ਜਾਂਦਾ ਹੈ। ਪਾਰਟੀ ਸੂਤਰਾਂ ਨੇ ਦਸਿਆ ਕਿ ਬੋਮਈ ਨੂੰ ਮੁੱਖ ਮੰਤਰੀ ਬਣਾਉਣ ਵਿਚ ਯੇਦੀਯੁਰੱਪਾ ਦੀ ਪੂਰੀ ਸਹਿਮਤੀ ਹੈ। ਮਰਹੂਮ ਸਾਬਕਾ ਮੁੱਖ ਮੰਤਰੀ ਐਸ ਆਰ ਬੋਮਈ ਦੇ ਬੇਟੇ ਬੋਮਈ ਸੋਮਵਾਰ ਨੂੰ ਭੰਗ ਹੋਈ ਯੇਦੀਯੁਰੱਪਾ ਦੀ ਵਜ਼ਾਰਤ ਵਿਚ ਗ੍ਰਹਿ ਮਾਮਲੇ, ਕਾਨੂੰਨ, ਸੰਸਦੀ ਮਾਮਲੇ ਅਤੇ ਵਿਧਾਨਕ ਮਾਮਲਿਆਂ ਦੇ ਮੰਤਰੀ ਸਨ।ਕਰਨਾਟਕ ਵਿਚ ਐਚ ਡੀ ਦੇਵਗੌੜਾ ਅਤੇ ਐਚ ਡੀ ਕੁਮਾਰਸਵਾਮੀ ਦੇ ਬਾਅਦ ਇਹ ਪਿਤਾ-ਪੁੱਤਰ ਦੀ ਦੂਜੀ ਜੋੜੀ ਹੈ ਜੋ ਮੁੱਖ ਮੰਤਰੀ ਬਣੇ ਹਨ। ਉਹ ਹਾਵੇਰੀ ਜ਼ਿਲ੍ਹੇ ਵਿਚ ਸ਼ਿਗਗਾਂਵ ਤੋਂ ਤਿੰਨ ਵਾਰ ਦੇ ਵਿਧਾਇਕ ਹਨ ਅਤੇ ਦੋ ਵਾਰ ਕੌਂਸਲਰ ਰਹੇ ਹਨ। ਸਮਾਗਮ ਵਿਚ ਯੇਦੀਯੁਰੱਪਾ, ਕੇਂਦਰੀ ਮੰਤਰੀ ਪ੍ਰਧਾਨ ਅਤੇ ਜੀ ਕਿਸ਼ਨ ਰੈਡੀ, ਭਾਜਪਾ ਆਗੂ ਅਰੁਣ ਸਿੰਘ ਤੇ ਹੋਰ ਪਹੁੰਚੇ ਹੋਏ ਸਨ। ਬੋਮਈ ਨੇ ਫ਼ਿਲਹਾਲ ਇਕੱਲੇ ਸਹੁੰ ਚੁੱਕੀ ਹੈ। ਉਹ ਛੇਤੀ ਹੀ ਮੰਤਰੀ ਮੰਡਲ ਦਾ ਵਿਸਤਾਰ ਕਰਨਗੇ।