ਧਨਵਾਦ : ਧਨਵਾਦ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਅਸ਼ਟਮ ਉਤਮ ਆਨੰਦ ਦੀ ਕਥਿਤ ਹਤਿਆ ਮਾਮਲੇ ਦੀ ਗੂੰਜ ਸੁਪਰੀਮ ਕੋਰਟ ਤਕ ਪਹੁੰਚ ਗਈ ਹੈ। ਵੀਰਵਾਰ ਨੂੰ ਸੀਨੀਅਰ ਵਕੀਲ ਅਤੇ ਸਾਬਕਾ ਅਡੀਸ਼ਨਲ ਸਾਲਿਸਟਰ ਜਨਰਲ ਵਿਕਾਸ ਸਿੰਘ ਨੇ ਸੁਪਰੀਮ ਕੋਰਟ ਸਾਹਮਣੇ ਇਸ ਮਾਮਲੇ ਨੂੰ ਚੁਕਿਆ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵਲੋਂ ਵਿਕਾਸ ਸਿੰਘ ਨੇ ਸਿਖਰਲੀ ਅਦਾਲਤ ਨੂੰ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸੁਣਵਾਈ ਕਰਨ ਦੀ ਅਪੀਲ ਕੀਤੀ। ਵਿਕਾਸ ਸਿੰਘ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਵੀ ਮੰਗ ਕੀਤੀ। ਬੁਧਵਾਰ ਸਵੇਰੇ 50 ਸਾਲਾ ਜੱਜ ਉਤਮ ਆਨੰਦ ਨੂੰ ਆਟੋ ਨੇ ਉਸ ਵਕਤ ਟੱਕਰ ਮਾਰ ਦਿਤੀ ਸੀ ਜਦ ਉਹ ਮਾਰਨਿੰਗ ਵਾਕ ਤੋਂ ਮੁੜ ਰਹੇ ਸਨ। ਜੱਜ ਗੋਲਫ਼ ਗਰਾਊਂਡ ਤੋਂ ਟਹਿਲ ਕੇ ਵਾਪਸ ਹੀਰਾਪੁਰ ਬਿਜਲੀ ਦਫ਼ਤਰ ਲਾਗੇ ਪੈਂਦੇ ਅਪਣੇ ਕੁਆਰਟਰ ਮੁੜ ਰਹੇ ਸਨ। ਰਣਧੀਰ ਵਰਮਾ ਚੌਕ ਤੋਂ ਕੁਝ ਕਦਮ ਦੂਰੀ ’ਤੇ ਗੰਗਾ ਮੈਡੀਕਲ ਸਾਹਮਣੇ ਹਾਦਸਾ ਵਾਪਰਿਆ। ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਫ਼ੁਟੇਜ ਵੇਖਣ ਮਗਰੋਂ ਪੁਲਿਸ ਆਟੋ ਚਾਲਕ ਦੇ ਇਰਾਦੇ ’ਤੇ ਸਵਾਲ ਉਠਾ ਰਹੀ ਹੈ। ਸ਼ੱਕ ਪੈਦਾ ਹੋਣ ’ਤੇ ਜੱਜ ਦੇ ਪੋਸਟਮਾਰਟਮ ਲਈ ਡੀਸੀ ਦੇ ਹੁਕਮ ’ਤੇ ਕਾਹਲੀ ਵਿਚ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਸੀ। ਡਾਕਟਰਾਂ ਦੀ ਟੀਮ ਨੇ ਦੇਰ ਸ਼ਾਮ ਜੱਜ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਦਸਿਆ ਜਾ ਰਿਹਾ ਹੈ ਕਿ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੇ ਕੰਨ ਵਿਚੋਂ ਖੂਨ ਵਹਿ ਗਿਆ ਸੀ। ਬ੍ਰੇਨ ਹੈਮਰੇਜ ਨਾਲ ਮੌਤ ਦੀ ਗੱਲ ਕੀਤੀ ਜਾ ਰਹੀ ਹੈ। ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ। ਜੱਜ ਦੀ ਪਤਨੀ ਨੇ ਐਫ਼ਆਈਆਰ ਵਿਚ ਹਤਿਆ ਦਾ ਦੋਸ਼ ਲਾਇਆ ਹੈ। ਕ੍ਰਿਤੀ ਸਿਨਹਾ ਨੇ ਦੋਸ਼ ਲਾਇਆ ਕਿ ਇਹ ਮਾਮਲਾ ਹਾਦਸੇ ਦਾ ਨਹੀਂ ਹੈ। ਪੁਲਿਸ ਨੇ ਆਟੋ ਚਾਲਕ ਲਖਨ ਵਰਮਾ ਅਤੇ ਉਸ ਦੇ ਸਾਥੀ ਰਾਹੁਲ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਖਨ ਨੇ ਪ੍ਰਵਾਨ ਕੀਤਾ ਹੈ ਕਿ ਉਸ ਨੇ ਆਟੋ ਨਾਲ ਜੱਜ ਨੂੰ ਧੱਕਾ ਮਾਰਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿਤਾ ਹੈ।