ਪਣਜੀ : ਮੈਡੀਕਲ ਡਿਗਰੀ ਪਾਸ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਰਾਜ ਦੀ ਵਿਧਾਨ ਸਭਾ ਵਿਚ ਖੜੇ ਹੋ ਕੇ ਕੁੜੀਆਂ ਨਾਲ ਹੋ ਰਹੇ ਅਪਰਾਧ ਬਾਬਤ ਬੇਤੁਕਾ ਬਿਆਨ ਦਿਤਾ ਹੈ। ਸਾਵੰਤ ਨੇ ਅਪਣੀ ਸਰਕਾਰ ਦਾ ਬਚਾਅ ਕਰਦਿਆਂ ਔਰਤਾਂ ਅਤੇ ਬੱਚੀਆਂ ਨਾਲ ਹੋ ਰਹੀ ਹੈਵਾਨੀਅਤ ਬਾਬੇ ਕਿਹਾ ਕਿ ਆਖ਼ਰ ਬੱਚੀਆਂ ਨੂੰ ਮਾਂ ਬਾਪ ਰਾਤ ਸਮੇਂ ਘਰੋਂ ਕਿਉਂ ਬਾਹਰ ਜਾਣ ਦਿੰਦੇ ਹਨ। ਸਾਵੰਤ ਮੁਤਾਬਕ ਰਾਤ ਸਮੇਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਭਾਰਤ ਦੇ ਸਭ ਤੋਂ ਕੂਲ ਸ਼ਹਿਰ ਕਹੇ ਜਾਣ ਵਾਲੇ ਗੋਆ ਦੇ ਮੁੱਖ ਮੰਤਰੀ ਦੇ ਇਸ ਬਿਆਨ ਦੀ ਚਾਰੇ ਪਾਸਿਆਂ ਤੋਂ ਆਲੋਚਨਾ ਹੋ ਰਹੀ ਹੈ। ਗੋਆ ਦੇ ਸਮੁੰਦਰ ਤੱਟ ’ਤੇ ਦੋ ਨਾਬਾਲਗ਼ ਕੁੜੀਆਂ ਨਾਲ ਕਥਿਤ ਸਮੂਹਕ ਬਲਾਤਕਾਰ ਮਾਮਲੇ ’ਤੇ ਵਿਰੋਧੀ ਧਿਰ ਦੇ ਦਬਾਅ ਹੇਠ ਮੁੱਖ ਮੰਤਰੀ ਵਿਧਾਨ ਸਭ ਵਿਚ ਕੀਤੀ ਗਈ ਇਸ ਟਿਪਣੀ ਲਈ ਆਲੋਚਨਾਵਾਂ ਦਾ ਸਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਨੂੰ ਆਤਮੰਥਨ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੇ ਬੱਚੇ ਰਾਤ ਨੂੰ ਏਨੀ ਦੇਰ ਤਕ ਸਮੁੰਦਰ ਤੱਟ ’ਤੇ ਕੀ ਕਰ ਰਹੇ ਸਨ। ਸਾਵੰਤ ਨੇ ਚਰਚਾ ਦੌਰਾਨ ਕਿਹਾ, ‘ਜਦ 14 ਸਾਲ ਦੇ ਬੱਚੇ ਪੂਰੀ ਰਾਤ ਸਮੁੰਦਰ ਤੱਟ ’ਤੇ ਰਹਿੰਦੇ ਹਨ ਤਾਂ ਮਾਤਾ ਪਿਤਾ ਨੂੰ ਆਤਮਮੰਥਨ ਕਰਨ ਦੀ ਲੋੜ ਹੈ। ਅਸੀਂ ਸਿਰਫ਼ ਇਸ ਲਈ ਹੀ ਸਰਕਾਰ ਅਤੇ ਪੁਲਿਸ ’ਤੇ ਜ਼ਿੰਮੇਵਾਰੀ ਨਹੀਂ ਪਾ ਸਕਦੇ ਕਿ ਬੱਚੇ ਨਹੀਂ ਸੁਣਦੇ। ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਾਵੰਤ ਨੇ ਕਿਹਾ ਸੀ ਕਿ ਅਪਣੇ ਬੱਚਿਆਂ ਦੀ ਸੁਰੱਖਿਆ ਕਰਨਾ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ।