ਨਵੀਂ ਦਿੱਲੀ : ਪੇਗਾਸਸ ਜਾਸੂਸੀ ਕਾਂਡ ਦੀ ਜਾਂਚ ਦੀ ਮੰਗ ਸਬੰਧੀ ਵਿਰੋਧੀ ਧਿਰਾਂ ਨੇ ਹੁਣ ਤਕ ਸਦਨ ਦੀ ਕਾਰਵਾਈ ਨਹੀਂ ਚੱਲਣ ਦਿਤੀ। ਮਾਨਸੂਨ ਇਜਲਾਸ ਦੇ 9ਵੇਂ ਦਿਨ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੋਹਾਂ ਸਦਨਾਂ ਦੀ ਕਾਰਵਾਈ ਨੂੰ ਸੁਚਾਰੂ ਰੂਪ ਨਹੀਂ ਚਲਾਇਆ ਜਾ ਸਕਿਆ। ਭਾਰੀ ਹੰਗਾਮੇ ਲੋਕ ਸਭਾ ਅਤੇ ਰਾਜ ਸਭਾ ਨੂੰ ਕਲ ਤਕ ਲਈ ਉਠਾ ਦਿਤੀ ਗਈ ਹੈ। ਵਿਰੋਧੀ ਧਿਰ ਨੇ ਸਪੱਸ਼ਟ ਕਰ ਦਿਤਾ ਹੈ ਕਿ ਜਦ ਤਕ ਸਰਕਾਰ ਚਰਚਾ ਲਈ ਰਾਜ਼ੀ ਨਹੀਂ ਹੋਵੇਗੀ ਤਦ ਤਕ ਸੰਸਦ ਦਾ ਸੰਗਰਾਮ ਠੱਪ ਨਹੀਂ ਹੋਵੇਗਾ। ਉਧਰ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਵਿਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੀ ਹੁੰਦਾ ਰਿਹਾ ਤਾਂ ਮੈਂਬਰਾਂ ਵਿਰੁਧ ਕਾਰਵਾਈ ਕਰਨੀ ਪਵੇਗੀ। ਸਰਕਾਰ ਨੇ ਲੋਕ ਸਭਾ ਵਿਚ ਦੋ ਅਤੇ ਰਾਜ ਸਭਾ ਵਿਚ ਇਕ ਬਿੱਲ ਪਾਸ ਕਰ ਕੇ ਇਹ ਸਾਫ਼ ਸੰਦੇਸ਼ ਦੇ ਦਿਤਾ ਹੈ ਕਿ ਵਿਰੋਧੀ ਧਿਰ ਦੇ ਦਬਾਅ ਦੀ ਉਸ ਨੂੰ ਪਰਵਾਹ ਨਹੀਂ। ਲੋਕ ਸਭਾ ਵਿਚ ਭਾਰੀ ਹੰਗਾਮੇ ਵਿਚਾਲੇ ਬਿਲ ਵੀ ਪਾਸ ਕਰ ਦਿਤੇ ਗਏ। ਰਾਜ ਸਭਾ ਕਲ ਤਕ ਲਈ ਉਠਾ ਦਿਤੀ ਗਈ ਹੈ। ਵਿਰੋਧੀ ਧਿਰ ਦੇ ਮੈਂਬਰ ਸਦਨ ਵਿਚ ਸਪੀਕਰ ਦੀ ਕੁਰਸੀ ਕੋਲ ਆ ਗਏ ਅਤੇ ਵੱਖ ਵੱਖ ਮੁੱਦਿਆਂ ’ਤੇ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਰਾਜ ਸਭਾ ਦੀ ਕਾਰਵਾਈ 2 ਵਜੇ ਤਕ ਲਈ ਅੱਗੇ ਪਾ ਦਿਤੀ ਗਈ ਅਤੇ ਹੰਗਾਮੇ ਕਾਰਨ ਲੋਕ ਸਭਾ ਨੂੰ ਵੀ 2 ਵਜੇ ਤਕ ਉਠਾ ਦਿਤਾ ਗਿਆ ਤੇ ਫਿਰ ਦਿਨ ਭਰ ਲਈ ਦੋਵੇਂ ਸਦਨ ਉਠਾ ਦਿਤੇ ਗਏ।