ਨਵੀਂ ਦਿੱਲੀ : ਨਵੀਂ ਕੌਮੀ ਸਿਖਿਆ ਨੀਤੀ ਨੂੰ ਮਨਜ਼ੂਰੀ ਮਿਲਣ ਦਾ ਇਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਿਆ ਖੇਤਰ ਨਾਲ ਜੁੜੇ ਲੋਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਿੱਧੀ ਗੱਲ ਕੀਤੀ। ਉਨ੍ਹਾਂ ਦੋ ਵੱਡੇ ਐਲਾਨ ਵੀ ਕੀਤੇ। ਪਹਿਲਾ ਕਿ ਪਿੰਡਾਂ ਵਿਚ ਵੀ ਬੱਚਿਆਂ ਨੂੰ ਪਲੇਅ ਸਕੂਲ ਦੀ ਸਹੂਲਤ ਮਿਲੇਗੀ। ਹੁਣ ਤਕ ਇਹ ਚੀਜ਼ ਸ਼ਹਿਰਾਂ ਤਕ ਸੀਮਤ ਸੀ। ਦੂਜਾ ਕਿ ਇੰਜਨੀਅਰਿੰਗ ਦੇ ਕੋਰਸ ਦਾ 11 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ ਟੂਲ ਬਣਾਇਆ ਜਾ ਚੁਕਾ ਹੈ। ਇਸ ਨਾਲ ਇਨ੍ਹਾਂ ਭਾਸ਼ਾਵਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਆਸਾਨੀ ਹੋਵੇਗੀ। ਮੋਦੀ ਨੇ ਕਿਹਾ ਕਿ ਬੀਤੇ ਇਕ ਸਾਲ ਵਿਚ ਤੁਸੀਂ ਸਾਰੇ ਲੋਕਾਂ ਨੇ ਕੌਮੀ ਸਿਖਿਆ ਨੀਤੀ ਨੂੰ ਧਰਾਤਲ ’ਤੇ ਉਤਾਰਨ ਵਿਚ ਮਿਹਨਤ ਕੀਤੀ। ਕੋਰੋਨਾ ਦੇ ਇਸ ਕਾਲ ਵਿਚ ਵੀ ਲੱਖਾਂ ਨਾਗਰਿਕਾਂ, ਅਧਿਆਪਕਾਂ, ਰਾਜਾਂ ਤੋਂ ਸੁਝਾਅ ਲੈ ਕੇ, ਟਾਸਕ ਫ਼ੋਰਸ ਬਣਾ ਕੇ ਸਿਖਿਆ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਅੱਜ ਵਿਦਿਆ ਪ੍ਰਵੇਸ਼ ਪ੍ਰੋੋਗਰਾਮ ਲਾਂਚ ਕੀਤਾ ਗਿਆ। ਇਹ ਪਿੰਡ ਪਿੰਡ ਜਾਵੇਗਾ। ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਅਮੀਰ ਹੋਵੇ ਜਾਂ ਗ਼ਰੀਬ, ਉਸ ਦੀ ਪੜ੍ਹਾਈ ਖੇਡਦੇ ਅਤੇ ਹਸਦੇ ਹੋਏ ਅਤੇ ਆਸਾਨੀ ਨਾਲ ਹੋਵੇਗੀ। ਮੋਦੀ ਨੇ ਕਿਹਾ, ‘ਮੈਨੂੰ ਖ਼ੁਸ਼ੀ ਹੈ ਕਿ 8 ਰਾਜਾਂ ਦੇ 14 ਇੰਜਨੀਅਰਿੰਗ ਕਾਲਜ 5 ਭਾਰਤੀ ਭਾਸ਼ਾਵਾਂ ਹਿੰਦੀ, ਤਮਿਲ, ਤੇਲਗੂ, ਮਰਾਠੀ ਅਤੇ ਬੰਗਲਾ ਵਿਚ ਇੰਜਨੀਅਰਿੰਗ ਦੀ ਪੜ੍ਹਾਈ ਸ਼ੁੁਰੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਸਾਲ ਵਿਚ ਸਿਖਿਆ ਨੀਤੀ ਨੂੰ ਆਧਾਰ ਬਣਾ ਕੇ ਕਈ ਵੱਡੇ ਫ਼ੈਸਲੇ ਕੀਤੇ ਗਏ ਹਨ। ਕਈ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾ ਚੁਕੀ ਹੈ।