ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਚਲਾਉਣ ’ਤੇ ਲੱਗੀ ਰੋਕ ਨੂੰ 31 ਅਗਸਤ ਤਕ ਵਧਾ ਦਿਤਾ ਗਿਆ ਹੈ। ਇਹ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਦਿਤੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਅ ਨੇ ਕਿਹਾ, ‘ਬਹਿਰਹਾਲ, ਮਾਮਲਾ ਦਰ ਮਾਮਲਾ ਦੇ ਆਧਾਰ ’ਤੇ ਚੋਣਵੇਂ ਮਾਰਗਾਂ ’ਤੇ ਸਮਰੱਥ ਅਧਿਕਾਰੀ ਦੁਆਰਾ ਅੰਤਰਰਾਸ਼ਟਰੀ ਉਡਾਣਾਂ ਨੂੰ ਆਗਿਆ ਦਿਤੀ ਜਾਵੇਗੀ।’ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਭਾਰਤ ਵਿਚ 23 ਮਾਰਚ 2020 ਤੋਂ ਹੀ ਅੰਤਰਰਾਸ਼ਟਰੀ ਯਾਤਰੀ ਉਡਾਣ ਸੇਵਾਵਾਂ ਬੰਦ ਹਨ। ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਅੰੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ ਅਤੇ ਜੁਲਾਈ 2020 ਤੋਂ ਕੁਝ ਦੇਸ਼ਾਂ ਨਾਲ ‘ਏਅਰ ਬਬਲ’ ਯਾਨੀ ਦੁਵੱਲੀ ਵਿਸ਼ੇਸ਼ ਅੰਤਰਰਾਸ਼ਟਰੀ ਉਡਾਨ ਸਮਝੌਤੇ ਤਹਿਤ ਵੀ ਉਡਾਨ ਚਲਾਈ ਜਾ ਰਹੀ ਹੈ। ਭਾਰਤ ਨੇ ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਕੀਨੀਆ, ਭੂਟਾਨ ਅਤੇ ਫ਼ਰਾਂਸ ਸਮੇਤ ਕਰੀਬ 24 ਦੇਸ਼ਾਂ ਨਾਲ ‘ਏਅਰ ਬਬਲ’ ਸਮਝੌਤਾ ਕੀਤਾ ਹੈ।