ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਇਕ ਵਾਰ ਫਿਰ ਤੇਜ਼ੀ ਵੇਖਣ ਨੂੰ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ 30 ਹਜ਼ਾਰ ਦੇ ਨੇੜੇ ਆਉਣ ਵਾਲੇ ਮਾਮਲੇ ਹੁਣ 40 ਹਜ਼ਾਰ ਦੇ ਪਾਰ ਨਿਕਲ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁਕਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 44230 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਬੀਤੇ 24 ਘੰਟਿਆਂ ਵਿਚ 555 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤਕ ਦੇਸ਼ ਵਿਚ 423217 ਲੋਕਾਂ ਦੀ ਲਾਗ ਕਾਰਨ ਜਾਨ ਜਾ ਚੁਕੀ ਹੈ। ਬੀਤੇ 24 ਘੰਟਿਆਂ ਦੌਰਾਨ 42360 ਮਰੀਜ਼ ਠੀਕ ਹੋਏ ਹਨ ਜਦਕਿ ਹੁਣ ਤਕ ਦੇਸ਼ ਵਿਚ ਕੁਲ 30743972 ਲੋਕ ਮਹਾਂਮਾਰੀ ਦੇ ਕਹਿਰ ਤੋਂ ਕੱਢਣ ਵਿਚ ਕਾਮਯਾਬ ਰਹੇ ਹਨ। ਫ਼ਿਲਹਾਲ, ਰਿਕਵਰੀ ਰੇਟ 97.38 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ। ਦੇਸ਼ ਵਿਚ ਐਕਟਿਵ ਕੇਸ ਇਸ ਵੇਲੇ 405155 ਹੈ ਜੋ ਕੁਲ ਮਾਮਲਿਆਂ ਦਾ 1.28 ਫ਼ੀਸਦੀ ਹੈ। ਲਾਗ ਦਰ ’ਤੇ ਨਜ਼ਰ ਪਾਈਏ ਤਾਂ ਰੋਜ਼ਾਨਾ ਪਾਜ਼ੇਟਿਵਿਟੀ ਰੇਟ 2.44 ਫ਼ੀਸਦੀ ਹੈ। ਇਹ ਫ਼ਿਲਹਾਲ ਪੰਜ ਫ਼ੀਸਦੀ ਤੋਂ ਹੇਠਾਂ ਹੈ। ਦੇਸ਼ ਵਿਚ ਹੁਣ ਕੁਲ ਕੋਰੋਨਾ ਟੈਸਟ ਵੱਧ ਕੇ 46.46 ਕਰੋੜ ਹੋ ਗਏ। ਦੇਸ਼ ਵਿਚ ਹੁਣ ਤਕ 45.60 ਕਰੋੜ ਟੀਕੇ ਦਿਤੇ ਜਾ ਚੁਕੇ ਹਨ। ਇਨ੍ਹਾਂ ਵਿਚ ਪਹਿਲੀਆਂ ਅਤੇ ਦੂਜੀਆਂ ਖ਼ੁਰਾਕਾਂ ਸ਼ਾਮਲ ਹਨ। ਪਿਛਲੇ 24 ਘੰਟਿਆਂ ਵਿਚ 5183180 ਖ਼ੁਰਾਕਾਂ ਦਿਤੀਆਂ ਗਈਆਂ ਹਨ।