ਨਵੀਂ ਦਿੱਲੀ : ਭਾਰਤ ਵਿਚ ਵੀ ‘ਮਿਕਸ ਐਂਡ ਮੈਚ’ ਵੈਕਸੀਨ ਬਾਰੇ ਛੇਤੀ ਹੀ ਟਰਾਇਲ ਸ਼ੁਰੂ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਮਾਹਰ ਪੈਨਲ ਨੇ ਕੋਵੈਕਸੀਨ ਅਤੇ ਕੋਵੀਸ਼ੀਲਡ ਦੀਆਂ ਖ਼ੁਰਾਕਾਂ ਦੇ ਰਲੇਵੇਂ ਸਬੰਧੀ ਟਰਾਇਲ ਨੂੰ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਵੇਲੋਰ ਦਾ ਸੀਐਮਸੀ ਕਾਲਜ 300 ਵਲੰਟੀਅਰਾਂ ’ਤੇ ਵੈਕਸੀਨ ਮਿਕਸਿੰਗ ਦਾ ਟਰਾਇਲ ਕਰਨਾ ਚਾਹੁੰਦਾ ਹੈ ਅਤੇ ਛੇਤੀ ਹੀ ਇਹ ਟਰਾਇਲ ਸ਼ੁਰੂ ਹੋ ਜਾਣਗੇ। ਕਾਲਜ ਨੇ ਸਬਜੈਕਟ ਐਕਸਪਰਟ ਕਮੈਟੀ ਤੋਂ ਮਨਜ਼ੂਰੀ ਲਈ ਅਰਜ਼ੀ ਦਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਕ ਹੀ ਵਿਅਕਤੀ ਨੂੰ ਗ਼ਲਤੀ ਨਾਲ ਕੋਵੈਕਸੀਨ ਅਤੇ ਕੋਵੀਸ਼ੀਲਡ ਦਾ ਟੀਕਾ ਲੱਗਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਰ ਇਨ੍ਹਾਂ ਦਾ ਕੋਈ ਗੰਭੀਰ ਗ਼ਲਤ ਅਸਰ ਨਹੀਂ ਆਇਆ। ਦੂਜੇ ਦੇਸ਼ਾਂ ਵਿਚ ਵੀ ਵੈਕਸੀਨ ਮਿਕਸਿੰਗ ’ਤੇ ਹੁਣ ਤਕ ਜੋ ਅਧਿਐਨ ਹੋਇਆ ਹੈ, ਉਨ੍ਹਾਂ ਦੇ ਨਤੀਜੇ ਵੀ ਨੈਗੇਟਿਵ ਨਹੀਂ ਹਨ। ਕੋਵੀਸ਼ੀਲਡ ਅਤੇ ਕੋਵੈਕਸੀਨ ਵਖਰੀ ਤਰ੍ਹਾਂ ਵਿਕਸਿਤ ਕੀਤੀ ਗਈ ਹੈ। ਕੋਵੀਸ਼ੀਲਡ ਕੋਲਡ ਵਾਇਰਸ ਦੇ ਕਮਜ਼ੋਰ ਰੂਪ ਨਾਲ ਬਣਾਈ ਗਈ ਹੈ। ਇਸ ਦੀ ਡੋਜ਼ ਦਿਤੇ ਜਾਣ ’ਤੇ ਇਹ ਰੋਗਾਂ ਨਾਲ ਲੜਨ ਦੇ ਸਿਸਟਮ ਨੂੰ ਕੋਰੋਨਾ ਵਾਇਰਸ ਨਾਲ ਲੜਨ ਦਾ ਤਰੀਕਾ ਦਸਦੀ ਹੈ। ਦੂਜੇ ਪਾਸੇ ਕੋਵੈਕਸੀਨ ਅਸਲ ਕੋਰੋਨਾ ਵੈਕਸੀਨ ਨਾਲ ਬਣਾਈ ਗਈ ਹੈ। ਭਾਰਤੀ ਮਾਹਰਾਂ ਦਾ ਕਹਿਣਾ ਹੈ ਕਿ ਦੋਵੇਂ ਵੈਕਸੀਨਾਂ ਦੀ ਮਿਕਸਿੰਗ ਸੰਭਵ ਹੈ। ਮਈ ਵਿਚ ਨੀਤੀ ਆਯੋਗ ਦੇ ਮੈਂਬਰ ਵੀ ਕੇ ਪਾਲ ਨੇ ਵੀ ਕਿਹਾ ਸੀ ਕਿ ਕਿੱਲਤ ਦੌਰਾਨ ਵੈਕਸੀਨ ਮਿਕਸਿੰਗ ਚੰਗਾ ਬਦਲ ਹੋ ਸਕਦਾ ਹੈ। ਏਮਜ਼ ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਸੀ ਕਿ ਕੋਰੋਨਾ ਦੇ ਡੇਲਟਾ ਅਤੇ ਡੇਲਟਾ ਪਲੱਸ ਜਿਹੇ ਰੂਪਾਂ ਵਿਰੁਧ ਲੜਨ ਲਈ ਵੈਕਸੀਨਾਂ ਦੀ ਮਿਕਸਿੰਗ ਇਕ ਆਪਸ਼ਨ ਹੋ ਸਕਦਾ ਹੈ।