ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਇਜਲਾਸ ਵਿਚ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਰੇੜਕਾ ਜਾਰੀ ਰਹਿਣ ਵਿਚਾਲੇ ਸਰਕਾਰ ਨੇ ਕਿਹਾ ਹੈ ਕਿ ਉਹ ਲੋਕ ਸਭਾ ਵਿਚ ਅਗਲੇ ਹਫ਼ਤੇ ਚਰਚਾ ਅਤੇ ਪਾਸ ਕਰਾਉਣ ਲਈ ਕਈ ਅਹਿਮ ਬਿੱਲ ਲਿਆਏਗੀ ਜਿਸ ਵਿਚ ਲਾਜ਼ਮੀ ਰਖਿਆ ਸੇਵਾ ਬਿੱਲ, ਰਾਸ਼ਟਰੀ ਰਾਜਧਾਨੀ ਖੇਤਰ ਅਤੇ ਲਾਗਲੇ ਇਲਾਕਿਆਂ ਵਿਚ ਹਵਾ ਗੁਣਵੱਤਾ ਪ੍ਰਬੰਧਨ ਲਈ ਆਯੋਗ ਬਿੱਲ ਅਤੇ ਸਾਧਾਰਣ ਬੀਮਾ ਕਾਰੋਬਾਰ ਸੋਧ ਬਿੱਲ ਸ਼ਾਮਲ ਹੈ। ਲੋਕ ਸਭਾ ਵਿਚ ਸੰਸਦੀ ਕਾਰਜ ਮੰਤਰੀ ਰਾਜ ਮੰਰਤੀ ਅਰਜੁਨ ਰਾਮ ਮੇਘਵਾਲ ਨੇ ਦੋ ਅਗਸਤ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਿਚ ਸਰਕਾਰ ਦੇ ਕੰਮਕਾਜ ਦੇ ਏਜੰਡੇ ਦੀ ਜਾਣਕਾਰੀ ਦਿਤੀ। ਅਗਲੇ ਹਫ਼ਤੇ ਹੇਠਲੇ ਸਦਨ ਵਿਚ ਲਾਜ਼ਮੀ ਰਖਿਆ ਸੇਵਾ ਬਿੱਲ 2021 ਚਰਚਾ ਅਤੇ ਪਾਸ ਹੋਣ ਲਈ ਰਖਿਆ ਜਾਵੇਗਾ। ਇਹ ਬਿਲ ਸਬੰਧਤ ਲਾਜ਼ਮੀ ਰਖਿਆ ਸੇਵਾ ਆਰਡੀਨੈਂਸ 2021 ਦੀ ਥਾਂ ਲਵੇਗਾ। ਸਰਕਾਰ ਦੀ ਕਾਰਜ ਸੂਚੀ ਵਿਚ ਰਾਸਟਰੀ ਰਾਜਧਾਨੀ ਖੇਤਰ ਵਿਚ ਹਵਾ ਗੁਣਵੱਤਾ ਪ੍ਰਬੰਧਨ ਲਈ ਆਯੋਗ ਬਿੱਲ 2021, ਸਾਧਾਰਣ ਬੀਮਾਰ ਕਾਰੋਬਾਰ ਸੋਧ ਬਿੱਲ, 2021 ਅਤੇ ਕੇਂਦਰੀ ਯੂਨੀਵਰਸਿਟੀ ਸੋਧ ਬਿੱਲ ਸ਼ਾਮਲ ਹਨ। ਇਸ ਦੇ ਇਲਾਵਾ ਨਾਰੀਅਲ ਵਿਕਾਸ ਬੋਰਡ ਬਿੱਲ, ਸੰਵਿਧਾਨ ਅਨੁਸੂਚਿਤ ਜਾਤੀ ਆਦੇਸ਼ ਸੋਧ ਬਿੱਲ 2021, ਸੀਮਤ ਜਵਾਬਦੇਹੀ ਭਾਈਵਾਲੀ ਸੋਧ ਬਿੱਲ, 2021 ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਜਾਸੂਸੀ ਅਤੇ ਖੇਤੀ ਬਿੱਲਾਂ ਦੇ ਮਾਮਲਿਆਂ ’ਤੇ ਸੰਸਦੀ ਇਜਲਾਸ ਦੀ ਸ਼ੁਰੂਆਤ ਤੋਂ ਹੀ ਰੌਲਾ-ਰੱਪਾ ਪਾ ਰਹੀਆਂ ਹਨ। ਇਸ ਕਾਰਨ ਸੰਸਦ ਦਾ ਕੰਮਕਾਜ ਰੁਕਿਆ ਪਿਆ ਹੈ। ਸਰਕਾਰ ਮੁਤਾਬਕ ਜਨਤਾ ਨਾਲ ਜੁੜੇ ਜਿਹੜੇ ਮੁੱਦੇ ਹਨ, ਉਨ੍ਹਾਂ ’ਤੇ ਉਹ ਕੰਮ ਕਰਨਾ ਚਾਹੁੰਦੇ ਹਨ। ਸਰਕਾਰ ਨਹੀਂ ਚਾਹੁੰਦੀ ਕਿ ਕੋਈ ਬਿੱਲ ਬਿਨਾਂ ਚਰਚਾ ਪਾਸ ਹੋਵੇ।