ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਬੀਤੇ ਕੁਝ ਦਿਨਾਂ ਤੋਂ 40 ਹਜ਼ਾਰ ਦੇ ਅੰਕੜੇ ਦੇ ਆਲੇ ਦੁਆਲੇ ਟਿਕੀ ਹੋਈ ਹੈ। ਭਾਰਤ ਵਿਚ ਅੱਜ ਫਿਰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਬੀਤੇ 24 ਘੰਟਿਆਂ ਵਿਚ 41 ਹਜ਼ਾਰ ਤੋਂ ਵੱਧ ਕੇਸ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 41831 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਨਾਲ ਸਨਿਚਰਵਾਰ ਨੂੰ ਕੁਲ ਪੀੜਤਾਂ ਦੀ ਗਿਣਤੀ ਵੱਧ ਕੇ 31655824 ਹੋ ਗਈ ਸੀ ਜਦਕਿ 541 ਅਤੇ ਲੋਕਾਂ ਦੇ ਜਾਨ ਗਵਾਉਣ ਨਾਲ ਮ੍ਰਿਤਕਾਂ ਦੀ ਗਿਣਤੀ 424351 ’ਤੇ ਪਹੁੰਚ ਗਈ। ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਫ਼ਿਲਹਾਲ ਐਕਟਿਵ ਕੇਸਾਂ ਦੀ ਗਿਣਤੀ 410952 ਹੈ ਜੋ ਕੁਲ ਕੋਰੋਨਾ ਕੇਸਾਂ ਦਾ 1.29 ਫੀਸਦੀ ਹੈ। ਦੇਸ਼ ਵਿਚ ਮੌਜੂਦਾ ਮੌਤ ਦਰ ਹੁਣ 1.34 ਫੀਸਦੀ ਹੈ। ਸਿਹਤ ਬੁਲੇਟਿਨ ਵਿਚ ਅੱਗੇ ਕਿਹਾ ਗਿਆ ਕਿ ਇਸ ਵਾਇਰਸ ਨਾਲ ਬੀਤੇ 24 ਘੰਟਿਆਂ ਵਿਚ ਕੁਲ 39258 ਮਰੀਜ਼ ਠੀਕ ਹੋਏ ਹਨ ਜਿਸ ਨਾਲ ਕੁਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 30820521 ਹੋ ਗਈ ਹੈ। ਇਸ ਤਰ੍ਹਾਂ ਦੇਸ਼ ਵਿਚ ਕੋਰੋਨਾ ਦੀ ਰਿਕਵਰੀ ਰੇਟ 97.37 ਫ਼ੀਸਦੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਕਿ ਵਾਇਰਸ ਲਈ ਦਿਨ ਦੌਰਾਨ ਪ੍ਰੀਖਣ ਕੀਤੇ ਗਏ 1789472 ਨਮੂਨਿਆਂ ਦੇ ਨਾਲ, ਹੁਣ ਤਕ ਕੀਤੇ ਗਏ ਟੈਸਟਾਂ ਦੀ ਕੁਲ ਗਿਣਤੀ 468216510 ਹੈ। ਹੁਣ ਤਕ ਕੁਲ 47.02 ਕਰੋੜ ਟੀਕੇ ਲਾਏ ਜਾ ਚੁਕੇ ਹਨ।