ਨਵੀਂ ਦਿੱਲੀ : ਕੇਰਲਾ ਵਿਚ ਤੇਜ਼ੀ ਨਾਲ ਫੈਲਣ ਦੇ ਬਾਅਦ ਹੁਣ ਮਹਾਰਾਸ਼ਟਰ ਵਿਚ ਵੀ ਜ਼ੀਕਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਪੁਣੇ ਦੇ ਪੁਰੰਦਰ ਖੇਤਰ ਦੀ 50 ਸਾਲਾ ਮਹਿਲਾ ਵਿਚ ਜ਼ੀਕਾ ਵਾਇਰਸ ਮਿਲਣ ਦੀ ਪੁਸ਼ਟੀ ਹੋਈ ਹੈ। ਉਸ ਦਾ ਚਿਕਨਗੁਨੀਆ ਟੈਸਟ ਵੀ ਪਾਜ਼ੇਟਿਵ ਆਇਆ ਹੈ। ਉਧਰ, ਕੇਰਲਾ ਵਿਚ ਵੀ ਜ਼ੀਕਾ ਦੇ 2 ਕੇਸ ਸਾਹਮਣੇ ਆਏ ਹਨ। ਇਸ ਦੇ ਬਾਅਦ ਹੁਣ ਇਸ ਰਾਜ ਵਿਚ ਪੀੜਤ ਮਰੀਜ਼ਾਂ ਦੀ ਕੁਲ ਤਾਦਾਦ ਵੱਧ ਕੇ 63 ਹੋ ਗਈ ਹੈ। ਮਹਾਰਾਸ਼ਟਰ ਵਿਚ ਪਹਿਲਾਂ ਇਸ ਸਾਲ ਸਿਰਫ਼ ਕੇਰਲਾ ਵਿਚ ਹੀ ਜ਼ੀਕਾ ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਔਰਤ ਬੇਲਸਰ ਪਿੰਡ ਦੀ ਰਹਿਣ ਵਾਲੀ ਹੈ। ਉਸ ਨੂੰ ਜੁਲਾਈ ਵਿਚ ਬੁਖ਼ਾਰ ਹੋਇਆ ਸੀ। ਇਸ ਦੇ ਇਲਾਵਾ 4 ਹੋਰ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਪੁਣੇ ਦੀ ਲੈਬ ਵਿਚ ਭੇਜੇ ਗਏ ਹਨ। ਇਨ੍ਹਾਂ ਵਿਚੋਂ 3 ਦੀ ਚਿਕਨਗੁਨੀਆ ਰੀਪੋਰਟ ਪਾਜ਼ੇਟਿਵ ਆਈ। ਐਨਆਈਵੀ ਦੀ ਟੀਮ ਵੀ ਇਥੋਂ ਦਾ ਦੌਰਾ ਕਰਨ ਪੁੱਜੀ। ਟੀਮ ਨੇ 41 ਜਣਿਆਂ ਦੇ ਸੈਂਪਲ ਲਏ ਜਿਨ੍ਹਾਂ ਵਿਚੋਂ 25 ਵਿਚ ਚਿਕਨਗੁਨੀਆ, 3 ਵਿਚ ਡੇਂਗੂ ਅਤੇ 1 ਵਿਚ ਜ਼ੀਕਾ ਵਾਇਰਸ ਦੀ ਪੁਸ਼ਟੀ ਹੋਈ। ਹੁਣ ਪੂਰੇ ਪਿੰਡ ਦਾ ਸਰਵੇ ਕੀਤਾ ਜਾਵੇਗਾ। ਔਰਤ ਠੀਕ ਹੋ ਚੁਕੀ ਹੈ ਅਤੇ ਉਸ ਦੇ ਪਰਵਾਰ ਦੇ ਜੀਆਂ ਵਿਚ ਜ਼ੀਕਾ ਦਾ ਲੱਛਣ ਨਹੀਂ ਹੈ। ਜ਼ੀਕਾ ਵਾਇਰਸ ਦਾ ਪਹਿਲਾ 1940 ਵਿਚ ਯੁਗਾਂਡਾ ਵਿਚ ਮਿਲਿਆ ਸੀ।