ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਇਜਲਾਸ ਨੂੰ ਸ਼ੁਰੂ ਹੋਏ 12 ਦਿਨ ਬੀਤੇ ਚੁਕੇ ਹਨ ਪਰ ਪੇਗਾਸਸ ਜਾਸੂਸੀ ਕੇਸ ਅਤੇ ਕਿਸਾਨ ਅੰਦੋਲਨ ਜਿਹੇ ਕਈ ਮੁੱਦਿਆਂ ’ਤੇ ਵਿਰੋਧੀ ਧਿਰ ਦਾ ਵਿਰੋਧ ਜਾਰੀ ਹੈ। ਸੰਸਦ ਦੇ ਦੋਹਾਂ ਸਦਨਾਂ ਵਿਚ ਹੁਣ ਤਕ 107 ਘੰਟਿਆਂ ਵਿਚੋਂ ਸਿਰਫ਼ 18 ਘੰਟੇ ਦੀ ਕਾਰਵਾਈ ਚੱਲ ਸਕਦੀ ਹੈ। ਇਸ ਕਾਰਨ ਕਰਦਾਤਾਵਾਂ ਦੇ 133 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੰਸਦੀ ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਇਆ ਸੀ। ਮਾਨਸੂਨ ਇਜਲਾਸ ਵਿਚ ਹੁਣ ਤਕ ਕਰੀਬ 89 ਘੰਟੇ ਹੰਗਾਮੇ ਦੀ ਭੇਟ ਚੜ੍ਹ ਚੁਕੇ ਹਨ। ਇਜਲਾਸ 13 ਅਗਸਤ ਤਕ ਚਲਣਾ ਹੈ। ਰਾਜ ਸਭਾ ਦੀ ਕਾਵਾਈ ਤੈਅ ਸਮੇਂ ਦਾ ਸਿਰਫ਼ ਕਰੀਬ 21 ਫ਼ੀਸਦੀ ਹੀ ਚਲੀ ਹੈ ਤਾਂ ਲੋਕ ਸਭਾ ਦੀ ਕਾਰਵਾਈ ਸਿਰਫ਼ 13 ਫ਼ੀਸਦੀ। ਲੋਕ ਸਭਾ 54 ਘੰਟਿਆਂ ਵਿਚੋਂ 7 ਘੰਟੇ ਤੋਂ ਵੀ ਘੱਟ ਸਮਾਂ ਚੱਲੀ ਜਦਕਿ ਰਾਜ ਸਭਾ 53 ਘੰਟਿਆਂ ਵਿਚੋਂ 11 ਘੰਟੇ ਚੱਲੀ। ਹੰਗਾਮੇ ਕਾਰਨ ਮਾਨਸੂਨ ਇਜਲਾਸ ਦੇ ਦੂਜੇ ਹਫ਼ਤੇ ਵਿਚ ਸਦਨ ਦੀ ਉਤਪਾਦਤਕਤਾ ਵਿਚ 13.70 ਫੀਸਦੀ ਦੀ ਕਮੀ ਆਈ ਹੈ। ਪਹਿਲੇ ਹਫ਼ਤੇ ਵਿਚ ਇਹ ਅੰਕੜਾ 32.20 ਫ਼ੀਸਦੀ ਸੀ। ਪੇਗਾਸਸ ਜਾਸੂਸੀ ਅਤੇ ਖੇਤੀ ਬਿੱਲਾਂ ਜਿਹੇ ਮਸਲਿਆਂ ’ਤੇ ਵਿਰੋਧੀ ਧਿਰ ਸਰਕਾਰ ਨੂੰ ਘੇਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਚਰਚਾ ਲਈ ਤਿਆਰ ਹੈ ਜਦਕਿ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜਦ ਤਕ ਸਰਕਾਰ ਚਰਚਾ ਲਈ ਤਿਆਰ ਨਹੀਂ ਹੋਵੇਗੀ, ਵਿਰੋਧ ਖ਼ਤਮ ਨਹੀਂ ਹੋਵੇਗਾ। ਪੇਗਾਸ ਮਾਮਲੇ ਕਾਰਨ ਵਿਰੋਧੀ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਵਲ 28 ਜੁਲਾਈ ਨੂੰ ਪਰਚੇ ਸੁੱਟੇ ਸਨ। ਇਸ ਦੌਰਾਨ ਸੰਸਦ ਮੈਂਬਰਾਂ ਨੇ ‘ਖੇਲਾ ਹੋਬੇ’ ਦੇ ਨਾਹਰੇ ਵੀ ਲਾਏ ਸਨ। ਇਸ ਦਿਨ ਕਈ ਵਾਰ ਕਾਰਵਾਈ ਨੂੰ ਰੋਕਣਾ ਪਿਆ ਸੀ।