ਨਵੀਂ ਦਿੱਲੀ : ਜੰਮੂ ਕਸ਼ਮੀਰ ਸਰਕਾਰ ਨੇ ਦੇਸ਼ਧ੍ਰੋਹ ਅਤੇ ਪਥਰਾਅ ਕਰਨ ਵਾਲਿਆਂ ਵਿਰੁਧ ਵੱਡੀ ਕਾਰਵਾਈ ਕਰਦਿਆਂ ਪਾਸਪੋਰਟ ਮਨਜ਼ੂਰੀ ’ਤੇ ਰੋਕ ਲਾਉਣ, ਸਰਕਾਰੀ ਨੌਕਰੀਆਂ ਦਾ ਕੋਈ ਪ੍ਰਾਵਧਾਨ ਨਾ ਕਰਨ ਅਤੇ ਹੋਰ ਪਾਬੰਦੀਆਂ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਮੀਡੀਆ ਚੈਨਲ ਦੀ ਰੀਪੋਰਟ ਮੁਤਾਬਕ ਸਿਖਰਲੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਸੀਆਈਡੀ ਦੀ ਵਿਸ਼ੇਸ਼ ਸ਼ਾਖ਼ਾ ਕਸ਼ਮੀਰ ਨੇ ਸਾਰੀਆਂ ਇਕਾਈਆਂ ਨੂੰ ਕਾਨੂੰਨ ਅਤੇ ਵਿਵਸਥਾ ਦੇ ਖ਼ਤਰੇ, ਪਥਰਾਅ ਅਤੇ ਰਾਜ ਦੀ ਸੁਰੱਖਿਆ ਲਈ ਹਾਨੀਕਾਰਕ ਹੋਰ ਅਪਰਾਧਾਂ ਵਿਚ ਸ਼ਾਮਲ ਲੋਕਾ ਨੂੰ ਸੁਰੱਖਿਆ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦਾ ਨਿਰਦੇਸ਼ ਦਿਤਾ ਹੈ। ਜ਼ਿਕਰਯੋਗ ਹੈ ਕਿ ਸਾਰੇ ਡਿਜੀਟਲ ਸਬੂਤਾਂ ਅਤੇ ਪੁਲਿਸ ਰੀਕਾਰਡ ਨੂੰ ਧਿਆਨ ਵਿਚ ਰਖਿਆ ਜਾਵੇਗਾ। ਸੂਤਰਾਂ ਮੁਤਾਬਕ ਪ੍ਰਸ਼ਾਸਨ ਉਨ੍ਹਾਂ ਲੋਕਾਂ ਨੂੰ ਪਾਸਪੋਰਟ ਅਤੇ ਵੀਜ਼ਾ ਕਲੀਅਰੈਂਸ ’ਤੇ ਰੋਕ ਲਾਉਣ ’ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਦਾ ‘ਭਾਰਤ ਵਿਰੋਧੀ’ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਪਿਛਲਾ ਟਰੈਕ ਰੀਕਾਰਡ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਕਸ਼ਮੀਰ ਵਿਚ ਪੱਥਰਬਾਜ਼ੀ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਵਧੀ ਹੈ। ਜਦ ਵੀ ਫ਼ੌਜ ਕੋਈ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਕਈ ਵਾਰ ਪੱਥਰਬਾਜ਼ਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਉਤੇ ਲਗਾਤਾਰ ਦਬਾਅ ਬਣਿਆ ਹੋਇਆ ਸੀ ਕਿ ਪੱਥਰਬਾਜ਼ਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਕਿ ਉਹ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਨਾ ਦੇ ਸਕਣ।