ਨਵੀਂ ਦਿੱਲੀ : ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਦੀ ਜ਼ਿੰਮੇਵਾਰ ਸੰਭਾਲ ਲਈ। ਇਸ ਮੌਕੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਟੀ ਐਸ ਤਿਰੂਮੂਰਤੀ ਨੇ ਫ਼ਰਾਂਸ ਦਾ ਸਮਰਥਨ ਦੇਣ ਲਈ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਫ਼ਰਾਂਸ ਦੇ ਇਤਿਹਾਸਕ ਅਤੇ ਮਜ਼ਬੂਤ ਸਬੰਧ ਹਨ। ਉਨ੍ਹਾਂ ਕਿਹਾ ਕਿ ਭਾਰਤ ਅਪਣੀ ਪ੍ਰਧਾਨਗੀ ਦੌਰਾਨ ਤਿੰਨ ਹਾਈ ਲੈਵਲ ਮੀਟਿੰਗਾਂ ਕਰੇਗਾ ਜਿਸ ਵਿਚ ਸਮੁੰਦਰੀ ਸੁਰੱਖਿਆ, ਸ਼ਾਂਤੀ ਸਥਾਪਨਾ ਅਤੇ ਅਤਿਵਾਦ ਵਿਰੁਧ ਲੜਾਈ ਸ਼ਾਮਲ ਹਨ। ਨਾਲ ਹੀ ਭਾਰਤ ਸ਼ਾਂਤੀ ਸੈਨਿਕਾਂ ਦੀ ਯਾਦ ਵਿਚ ਵੀ ਪ੍ਰੋਗਰਾਮ ਕਰੇਗਾ। ਸੰਯੁਕਤ ਰਾਸ਼ਟਰ ਵਿਚ ਭਾਤਰ ਦੇ ਸਾਬਕਾ ਪ੍ਰਤੀਨਿਧ ਸਈਅਦ ਅਕਬਰੂਦੀਨ ਨੇ ਦਸਿਆ ਕਿ 9 ਅਗਸਤ ਨੂੰ ਹੋਣ ਵਾਲੀ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਪਹਿਲੀ ਵਾਰ ਇਕ ਭਾਰਤੀ ਪ੍ਰਧਾਨ ਮੰਤਰੀ ਕਰ ਸਕਦਾ ਹੈ। ਇਸ ਤੋਂ ਪਹਿਲਾਂ 1992 ਵਿਚ ਵੇਲੇ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਿਮ੍ਹਾ ਰਾਉ ਬੈਠਕ ਵਿਚ ਸ਼ਾਮਲ ਹੋਏ ਸਨ। ਭਾਰਤ ਦੀ ਪ੍ਰਧਾਨਗੀ ਦੇ ਕੰਮਕਾਜ ਦਾ ਪਹਿਲਾ ਦਿਨ 2 ਅਗਸਤ ਨੂੰ ਹੋਵੇਗਾ। ਇਹ ਪ੍ਰਧਾਨਗੀ ਇਕ ਮਹੀਨੇ ਲਈ ਮਿਲੀ ਹੈ। ਉਧਰ, ਭਾਰਤ ਨੂੰ ਪ੍ਰਧਾਨਗੀ ਮਿਲਣ ’ਤੇ ਪਾਕਿਸਤਾਨ ਕਾਫ਼ੀ ਚਿੰਤਤ ਹੈ। ਕਲ ਪਾਕਿਸਤਾਨ ਨੇ ਕਿਹਾ ਸੀ ਕਿ ਉਸ ਨੂੰ ਉਮੀਦ ਹੈ ਕਿ ਭਾਰਤ ਅੰਤਰਰਾਸ਼ਟਰੀ ਨਿਯਮਾਂ ਅਤੇ ਕਾਇਦਿਆਂ ਦੀ ਪਾਲਣਾ ਕਰੇਗਾ। ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਵਜੋਂ ਇਹ ਜ਼ਿੰਮੇਵਾਰੀ ਨਿਭਾਉਣ ਦਾ ਇਹ ਭਾਰਤ ਦਾ ਪਹਿਲਾ ਮੌਕਾ ਹੋਵੇਗਾ। ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਵਜੋਂ ਭਾਰਤ ਦਾ ਦੋ ਸਾਲ ਦਾ ਕਾਰਜਕਾਲ ਇਕ ਜਨਵਰੀ 2021 ਨੂੰ ਸ਼ੁਰੂ ਹੋਇਆ ਸੀ।