ਨਵੀਂ ਦਿੱਲੀ : ਪੇਗਾਸਸ ਜਾਸੂਸੀ ਮਾਮਲਾ, ਖੇਤੀ ਕਾਨੂੰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ ਵਿਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਹੰਗਾਮੇ ਕਾਰਨ ਸੰਸਦ ਦਾ ਮਾਨਸੂਨ ਇਜਲਾਸ ਹੁਣ ਤਕ ਸੁਚਾਰੂ ਢੰਗ ਨਾਲ ਨਹੀਂ ਚਲ ਸਕਿਆ। ਖ਼ਬਰ ਇਹ ਵੀ ਹੈ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰ ਹੁਣ ਸੰਸਦ ਦੇ ਬਾਹਰ ਬਰਾਬਰ ਸੰਸਦ ਚਲਾਉਣ ਦੇ ਮੂਡ ਵਿਚ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਰੋਧੀ ਧਿਰ ਮਾਨਸੂਨ ਇਜਲਾਸ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਇਕੱਠਾ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਰਾਹੁਲ ਗਾਂਧੀ ਵੀ ਸ਼ਾਮਲ ਹੋਣਗੇ। ਖ਼ਬਰ ਇਹ ਵੀ ਹੈ ਕਿ ਗਾਂਧੀ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਮੰਗਲਵਾਰ ਸਵੇਰੇ 9.30 ਵਜੇ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਵਿਚ ਨਾਸ਼ਤੇ ’ਤੇ ਬੁਲਾਇਆ ਹੈ। ਇਸ ਵਿਚ ਦੋਹਾਂ ਸਦਨਾਂ ਦੇ ਆਗੂ ਵੀ ਸ਼ਾਮਲ ਹੋਣਗੇ। ਅਗਲੀ ਰਣਨੀਤੀ ’ਤੇ ਚਰਚਾ ਲਈ ਟੀਐਮਸੀ ਨੂੰ ਵੀ ਸੱਦਾ ਦਿਤਾ ਗਿਆ ਹੈ। ਸੂਤਰਾਂ ਮੁਤਾਬਕ ਵਿਰੋਧੀ ਧਿਰ ਨੂੰ ਇਕਜੁਟ ਕਰਨ ਲਈ ਰਾਹੁਲ ਗਾਂਧੀ ਨੇ ਅਪਣੇ ਵਲੋਂ ਇਹ ਪਹਿਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਅਜਿਹੀ ਕੋਸ਼ਿਸ਼ ਕਰ ਚੁਕੇ ਹਨ। ਕੁਝ ਦਿਨ ਪਹਿਲਾਂ ਰਾਹੁਲ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਅਤੇ ਆਗੂਆਂ ਨਾਲ ਬੈਠਕ ਕੀਤੀ ਸੀ। ਮੌਜੂਦਾ ਇਜਲਾਸ 19 ਜੁਲਾਈ ਤੋਂ ਚਲ ਰਿਹਾ ਹੈ। ਉਦੋਂ ਤੋਂ ਹੀ ਸੰਸਦ ਵਿਚ ਹੰਗਾਮਾ ਜਾਰੀ ਹੈ।