ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਬੀਤੇ 24 ਘੰਟਿਆਂ ਵਿਚ 40627 ਨਵੇਂ ਮਰੀਜ਼ ਮਿਲੇ, 36627 ਠੀਕ ਹੋਏ ਅਤੇ 424 ਨੇ ਜਾਨ ਗਵਾਈ। ਇਸ ਤਰ੍ਹਾਂ ਹੁਣ ਐਕਟਿਵ ਯਾਨੀ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ 4 ਲੱਖ 8 ਹਜ਼ਾਰ 343 ਹੋ ਗਈ ਹੈ। ਇਹ 26 ਜੁਲਾਈ ਨੂੰ ਘੱਟ ਕੇ 3 ਲੱਖ 92 ਹਜ਼ਾਰ 694 ਹੋ ਗਈ ਸੀ। ਨਵੇਂ ਕੇਸ ਲਗਾਤਾਰ ਛੇਵੇਂ ਦਿਨ 40 ਹਜ਼ਾਰ ਤੋਂ ਜ਼ਿਆਦਾ ਹਨ। ਇਸੇ ਦੌਰਾਨ ਮਾਹਰਾਂ ਨੇ ਚੇਤਾਵਨੀ ਦਿਤੀ ਹੈ ਕਿ ਮਾਮਲਿਆਂ ਵਿਚ ਇਹ ਵਾਧਾ ਕੋਰੋਨਾ ਦੀ ਛੋਟੀ ਲਹਿਰ ਵਿਚ ਤਬਦੀਲ ਹੋ ਸਕਦੀ ਹੈ। ਖ਼ਦਸ਼ਾ ਹੈ ਕਿ ਇਹ ਤੀਜੀ ਲਹਿਰ ਅਗਸਤ ਵਿਚ ਸ਼ੁਰੂ ਹੋ ਕੇ ਅਕਤੂਬਰ ਵਿਚ ਸਿਖਰ ’ਤੇ ਪਹੁੰਚੇਗੀ। ਵਿਗਿਆਨੀਆਂ ਨੇ ਹਿਸਾਬ ਦੇ ਮਾਡਲ ਮੁਤਾਬਕ ਇਹ ਅਨੁਮਾਨ ਲਾਇਆ ਹੈ। ਮਾਹਰਾਂ ਮੁਤਾਬਕ ਤੀਜੀ ਲਹਿਰ ਵਿਚ ਰੋਜ਼ਾਨਾ 1.5 ਲੱਖ ਰੋਜ਼ਾਨਾ ਕੇਸ ਆ ਸਕਦੇ ਹਨ। ਜੁਲਾਈ ਤੋਂ ਅਗਸਤ ਵਿਚਾਲੇ ਦੇਸ਼ ਵਿਚ 12.37 ਲੱਖ ਮਾਮਲੇ ਦਰਜ ਕੀਤੇ ਗਏ। ਇਸ ਦੌਰਾਨ 13.08 ਲੱਖ ਮਰੀਜ਼ ਠੀਕ ਹੋਏ ਅਤੇ 24,259 ਦੀ ਮੌਤ ਹੋਈ। ਜੁਲਾਈ ਵਿਚ ਸਭ ਤੋਂ ਜ਼ਿਆਦਾ ਕੇਸ ਦੂਜੇ ਹਫ਼ਤੇ ਵਿਚ ਯਾਨੀ 7-14 ਜੁਲਾਈ ਦੌਰਾਨ ਦਰਜ ਹੋਏ। ਇਸ ਹਫ਼ਤੇ 2.78 ਲੱਖ ਲੋਕਾਂ ਦੀ ਰੀਪੋਰਟ ਪਾਜ਼ੇਟਿਵ ਆਈ। ਪਹਿਲਾਂ ਮਾਹਰਾਂ ਦਾ ਕਹਿਣਾ ਸੀ ਕਿ ਤੀਜੀ ਲਹਿਰ ਦਾ ਜ਼ਿਆਦਾ ਅਸਰ ਬੱਚਿਆਂ ’ਤੇ ਪਵੇਗਾ। ਕਈ ਮਾਹਰ ਕਹਿੰਦੇ ਹਨ ਕਿ ਅਜਿਹਾ ਕੋਈ ਅਨੁਮਾਨ ਨਹੀਂ ਹੈ।