ਨਵੀਂ ਦਿੱਲੀ : ਉਲੰਪਿਕ ਵਿਚ ਦੋ ਤਮਗ਼ੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਪੀਵੀ ਸਿੰਧੂ ਨੇ ਕਿਹਾ ਕਿ ਬੈਡਮਿੰਟਨ ਮਹਿਲਾ ਏਕਲ ਸੈਮੀਫ਼ਾਈਨਲ ਵਿਚ ਹਾਰ ਦੇ ਬਾਅਦ ਉਹ ਨਿਰਾਸ਼ ਸੀ ਪਰ ਕੋਚ ਪਾਰਕ ਤੇਈ ਸਾਂਗ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਹਾਲੇ ਸਭ ਕੁਝ ਖ਼ਤਮ ਨਹੀਂ ਹੋਇਆ ਹੈ ਅਤੇ ਚੌਥੀ ਥਾਂ ’ਤੇ ਰਹਿਣ ਨਾਲੋਂ ਬਿਹਤਰ ਹੈ ਕਿ ਕਾਂਸੀ ਤਮਗ਼ਾ ਜਿੱਤ ਕੇ ਦੇਸ਼ ਮੁੜੇ। ਸਿੰਧੂ ਨੂੰ ਮਹਿਲਾ ਏਕਲ ਸੈਮੀਫ਼ਾਈਨਲ ਵਿਚ ਚੀਨੀ ਤਾਇਪੇ ਦੀ ਤਾਈ ਜੁ ਯਿੰਗ ਵਿਰੁਧ ਹਾਰ ਝੱਲਣੀ ਪਈ ਸੀ ਪਰ ਐਤਵਾਰ ਨੂੰ ਉਹ ਕਾਂਸੀ ਤਮਗ਼ਾ ਦੇ ਪਲੇਅ ਆਫ਼ ਵਿਚ ਤਮਗ਼ਾ ਜਿੱਤਣ ਵਿਚ ਕਾਮਯਾਬ ਰਹੀ। ਰਿਉ ਉਲੰਪਿਕ ਦੀ ਜੇਤੂ ਅਤੇ ਵਿਸ਼ਵ ਚੈਂਪੀਅਨ ਸਿੰਧੂ ਕੋਲੋਂ ਜਦ ਸੈਮੀਫ਼ਾਈਨਲ ਵਿਚ ਹਾਰ ਦੀ ਸਥਿਤੀ ਬਾਰੇ ਪੁਛਿਆ ਤਾਂ ਉਨ੍ਹਾਂ ਕਹਿਾ, ‘ਸੈਮੀਫ਼ਾਈਨਲ ਵਿਚ ਹਾਰ ਦੇ ਬਾਅਦ ਮੈਂ ਨਿਰਾਸ਼ ਸੀ ਕਿਉਂਕਿ ਮੈਂ ਸੋਨੇ ਦੇ ਤਮਗ਼ੇ ਲਈ ਚੁਨੌਤੀ ਪੇਸ਼ ਨਹੀਂ ਕਰ ਸਕੀ। ਕੋਚ ਪਾਰਕ ਨੇ ਇਸ ਦੇ ਬਾਅਦ ਮੈਨੂੰ ਸਮਝਾਇਆ ਕਿ ਅਗਲੇ ਮੈਚ ’ਤੇ ਧਿਆਨ ਦੇਵੇ। ਚੌਥੇ ਸਥਾਨ ’ਤੇ ਰਹਿ ਕੇ ਖ਼ਾਲੀ ਹੱਥ ਦੇਸ਼ ਮੁੜਨ ਨਾਲੋਂ ਬਿਹਤਰ ਹੈ ਕਿ ਕਾਂਗਸੀ ਤਮਗ਼ਾ ਜਿੱਤਾ ਦੇਸ਼ ਨੂੰ ਮਾਣ ਦਿਵਾਏ।’ ਉਸ ਨੇ ਕਿਹਾ ਕਿ ਕੋਚ ਦੇ ਸ਼ਬਦਾਂ ਨੇ ਉਸ ਨੂੰ ਪ੍ਰੇਰਿਤ ਕੀਤਾ ਅਤੇ ਉਸ ਨੇ ਪੂਰਾ ਧਿਆਨ ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ’ਤੇ ਲਾਇਆ। ਮੈਚ ਜਿੱਤਣ ਦੇ ਬਾਅਦ ਪੰਜ ਤੋਂ 10 ਸੈਕਿੰਡ ਤਕ ਮੈਂ ਸਭ ਕੁਝ ਭੁੱਲ ਗਈ ਸੀ। ਫਿਰ ਖ਼ੁਦ ਨੂੰ ਸੰਭਾਲਿਆ ਅਤੇ ਜਸ਼ਨ ਮਨਾਉਂਦੇ ਹੋਏ ਚੀਕ ਮਾਰੀ।