ਨਵੀਂ ਦਿੱਲੀ : ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਪੇਗਾਸਸ ਜਾਸੂਸੀ ਵਿਵਾਦ ਸਬੰਧੀ ਚੇਅਰਮੈਨ ਅੱਗੇ ਤਖ਼ਤੀਆਂ ਲੈ ਕੇ ਹੰਗਾਮਾ ਕਰ ਰਹੇ ਰਹੇ ਤ੍ਰਿਣਮੂਲ ਕਾਂਗਰਸ ਦੇ ਛੇ ਮੈਂਬਰਾਂ ਨੂੰ ਪੂਰੇ ਦਿਨ ਲਈ ਸਦਨ ਤੋਂ ਮੁਅੱਤਲ ਕਰ ਦਿਤਾ ਗਿਆ। ਸਵੇਰੇ ਜਦ ਸਭਾਪਤੀ ਨੇ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਲਈ ਦਿਤੇ ਗਏ ਨੋਟਿਸ ਸਵੀਕਾਰ ਕਰਨ ਅਤੇ ਹੋਰ ਨੋਟਿਸ ਖ਼ਾਰਜ ਕੀਤੇ ਜਾਣ ਦੇ ਬਾਰੇ ਸੂਚਨਾ ਦਿਤੀ ਤਾਂ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੇ ਮੈਂਬਰ ਚੇਅਰਮੈਨ ਦੇ ਸਾਹਮਣੇ ਆ ਕੇ ਪੇਗਾਸਸ ਜਾਸੂਸੀ ਵਿਵਾਦ ’ਤੇ ਚਰਚਾ ਦੀ ਮੰਗ ਸਬੰਧੀ ਹੰਗਾਮਾ ਕਰਨ ਲੱਗੇ। ਸਭਾਪਤੀ ਨੇ ਇਨ੍ਹਾਂ ਮੈਂਬਰਾਂ ਨੂੰ ਅਪਣੇ ਸਥਾਨਾਂ ’ਤੇ ਮੁੜ ਜਾਣ ਅਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਮੈਂਬਰ ਕੁਰਸੀ ਸਾਹਮਣੇ ਆ ਗਏ ਹਨ ਅਤੇ ਤਖ਼ਤੀਆਂ ਵਿਖਾ ਰਹੇ ਹਨ, ਉਨ੍ਹਾਂ ਦੇ ਨਾਮ ਨਿਯਮ 255 ਤਹਿਤ ਪ੍ਰਕਾਸ਼ਤ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿਤਾ ਜਾਵੇਗਾ। ਪਰ ਹੰਗਾਮਾ ਨਾ ਰੁਕਿਆ। ਬਾਅਦ ਵਿਚ ਸੰਸਦੀ ਬੁਲੇਟਿਨ ਵਿਚ ਦਸਿਆ ਗਿਆ ਕਿ ਜਿਹੜੇ ਛੇ ਮੈਂਬਰਾਂ ਨੂੰ ਪੂਰੇ ਦਿਨ ਲਈ ਮੁਅੱਤਲ ਕੀਤਾ ਗਿਆ, ਉਨ੍ਹਾਂ ਵਿਚ ਤ੍ਰਿਣਮੂਲ ਦੀ ਡੋਲਾ ਸੇਨ, ਮੁਹੰਮਦ ਨਦੀਮੁਲ ਹਕ, ਅਬੀਰ ਰੰਜਨ ਵਿਸ਼ਵਾਸ, ਸ਼ਾਂਤਾ ਛੇਤਰੀ, ਅਰਪਿਤਾ ਘੋਸ਼ ਅਤੇ ਮੌਸਮ ਨੂਰ ਸ਼ਾਮਲ ਹਨ। ਕਿਹਾ ਗਿਆ ਕਿ ਉਹ ਰਾਜ ਸਭਾ ਚੇਅਰਮੈਨ ਅੱਗੇ ਤਖ਼ਤੀਆਂ ਲੈ ਕੇ ਆ ਗਏ, ਆਸਨ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਅੱਜ ਸਵੇਰੇ ਉਨ੍ਹਾਂ ਦਾ ਕਿਰਦਾਰ ਪੂਰੀ ਤਰ੍ਹਾਂ ਗ਼ਲਤ ਸੀ। ਸਭਾਪਤੀ ਨੇ ਉਨ੍ਹਾਂ ਨੂੰ ਨਿਯਮ 255 ਤਹਿਤ ਸਦਨ ਤੋਂ ਬਾਹਰ ਨਿਕਲ ਜਾਣ ਲਈ ਕਿਹਾ ਸੀ। ਕਿਹਾ ਗਿਆ ਕਿ ਇਹ ਛੇ ਮੈਂਬਰ ਦਿਨ ਦੀ ਬਾਕੀ ਬੈਠਕ ਵਿਚ ਹਿੱਸਾ ਨਹੀਂ ਲੈਣਗੇ।