ਨਵੀਂ ਦਿੱਲੀ : ਗਾਇਕ ਹਨੀ ਸਿੰਘ ਉਤੇ ਘਰੇਲੂ ਹਿੰਸਾ ਦਾ ਦੋਸ਼ ਲਾਉਣ ਵਾਲੀ ਉਸ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਕਿਹਾ ਹੈ ਕਿ ਗਾਇਕ ਦੀ ਤਰੱਕੀ ਹੋਣ ਮਗਰੋਂ ਉਸ ਦਾ ਵਿਹਾਰ ਬਹੁਤ ਜ਼ਿਆਦਾ ਹਮਲਾਵਰ ਅਤੇ ਕੁਰਖਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਦੇ ਵਿਆਹ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਮਗਰੋਂ ਹਨੀ ਸਿੰਘ ਗੁੱਸੇ ਹੋ ਗਿਆ ਸੀ। ਉਸ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਦੋਸ਼ ਲਾਇਆ ਕਿ ਉਸ ਨੇ ਜਾਣਬੁੱਝ ਕੇ ਫ਼ੋਟੋਆਂ ਲੀਕ ਕੀਤੀਆਂ ਹਨ। ਸ਼ਾਲਿਨੀ ਨੇ ਕਿਹਾ ਕਿ ਹਨੀ ਸਿੰਘ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਅਪਣੇ ਵਿਆਹੁਤਾ ਜੀਵਨ ਨੂੰ ਲੁਕਾਉਣਾ ਚਾਹੁੰਦੇ ਸਨ। ਰੈਪਰ ਦੀ ਪਤਨੀ ਨੇ ਇਹ ਵੀ ਦਾਅਵਾ ਕੀਤਾ ਕਿ ਹਨੀ ਸਿੰਘ ਦੇ ਕਈ ਔਰਤਾਂ ਨਾਲ ਸਬੰਧ ਸਨ। ਉਸ ਨੇ ਕਿਹਾ ਕਿ ਜਦ ਉਸ ਨੇ ਬ੍ਰਾਊਨ ਰੰਗ ਦੇ ਦੀ ਸ਼ੂਟਿੰਗ ਦੌਰਾਨ ਇਕ ਕੁੜੀ ਨਾਲ ਹਨੀ ਦੇ ਸੈਕਸੁਅਲ ਰਿਲੇਸ਼ਨਸ਼ਿਪ ਨੂੰ ਰੰਗੇ ਹੱਥੀਂ ਫੜਿਆ ਤਾਂ ਉਸ ਨੇ ਉਸ ਉਤੇ ਸ਼ਰਾਬ ਦੀ ਬੋਤਲ ਸੁੱਟੀ ਸੀ। ਉਸ ਨੇ ਸ਼ਿਕਾਇਤ ਵਿਚ ਸੱਸ ਭੁਪਿੰਦਰ ਕੌਰ, ਸਹੁਰੇ ਸਰਬਜੀਤ ਸਿੰਘ ਅਤ ਭਾਬੀ ਸਨੇਹਾ ਸਿੰਘ ਦਾ ਵੀ ਨਾਮ ਲਿਆ ਸੀ। ਅਦਾਲਤ ਨੇ 25 ਦਿਨਾਂ ਅੰਦਰ ਹਨੀ ਸਿੰਘ ਕੋਲੋਂ ਜਵਾਬ ਮੰਗਿਆ ਹੈ।