ਪਟਿਆਲਾ : ਪਟਿਆਲਾ ਦੇ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਦੱਸਿਆ ਹੈ ਕਿ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਇਹ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਆਈ.ਪੀ.ਐੱਸ, ਕਪਤਾਨ ਪੁਲਿਸ, ਡੀ.ਐਸ.ਪੀ. ਜਾਂਚ ਅਜੈਪਾਲ ਸਿੰਘ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ 'ਚ ਪਟਿਆਲਾ ਸ਼ਹਿਰ ਵਿੱਚ ਸੜਕਾਂ ਅਤੇ ਬਜਾਰਾਂ 'ਚ ਪੈਦਲ ਜਾਂ ਸਕੂਟੀ, ਮੋਟਰਸਾਇਕਲ 'ਤੇ ਸਵਾਰ ਹੋਕੇ ਜਾਂਦੀਆਂ ਔਂਰਤਾਂ ਅਤੇ ਮਰਦਾਂ ਤੋਂ ਮੋਬਾਇਲ ਅਤੇ ਪਰਸ ਆਦਿ ਦੀ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਗਏ।
ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਤੋਂ ਵੱਖ-ਵੱਖ ਥਾਵਾਂ ਤੋਂ ਖੋਹ ਕੀਤੇ ਮੋਬਾਇਲ ਫੋਨ ਬ੍ਰਮਾਦ ਹੋਏ ਹਨ ਅਤੇ ਸਨੈਚਿੰਗ ਕਰਨ ਲਈ ਵਰਤਿਆ ਜਾਂਦਾ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ 5 ਦਸੰਬਰ ਨੂੰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ 21 ਸਾਲਾ ਮਨੋਜ ਕੁਮਾਰ ਉਰਫ ਮੌਂਟੀ ਪੁੱਤਰ ਮਦਨ ਲਾਲ ਵਾਸੀ ਗੋਪਾਲ ਕਲੋਨੀ ਵੱਡੀ ਸਬਜੀ ਮੰਡੀ ਸਨੌਰ ਰੋਡ ਦੀ ਬੈਕ ਸਾਈਡ, 23 ਸਾਲਾ ਰਮਨਦੀਪ ਸਿੰਘ ਉਰਫ ਕਾਲੂ ਪੁੱਤਰ ਬਲਦੇਵ ਸਿੰਘ ਵਾਸੀ ਨੇੜੇ ਸੈਲਰ ਪਿੰਡ ਬੋਲੜ ਥਾਣਾ ਸਨੌਰ, 24 ਸਾਲਾ ਮੁਹੰਮਦ ਇਸਲਾਮ ਉਰਫ ਖੋਪਾ ਪੁੱਤਰ ਮੁਹੰਮਦ ਅਸਗਰ ਵਾਸੀ ਸਫ਼ਾਬਾਦੀ ਗੇਟ ਨੇ ਗਿਰੋਹ ਬਣਾਇਆ ਹੋਇਆ ਹੈੇ।
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਸੜਕਾਂ ਤੇ ਬਜਾਰਾਂ ਵਿੱਚ ਆਉਣ ਜਾਣ ਵਾਲੇ ਰਾਹੀਆਂ ਤੋਂ ਪਰਸ ਅਤੇ ਮੋਬਾਇਲ ਵਗੈਰਾ ਦੀ ਖੋਹ ਕਰਦੇ ਹਨ। ਇਸ ਸੂਚਨਾ ਦੇ ਅਧਾਰ 'ਤੇ ਮਿਤੀ 5 ਦਸੰਬਰ 2021 ਨੂੰ ਪੁਲਿਸ ਪਾਰਟੀ ਵੱਲੋਂ ਟੀ-ਪੁਆਇੰਟ ਸਮਸ਼ਾਨਘਾਟ ਰੋਡ ਤ੍ਰਿਪੜੀ ਤੋਂ ਉਕਤਾਨ ਨੂੰ ਮੁੱਕਦਮਾ ਨੰਬਰ 304 ਮਿਤੀ 4-12-2021 ਅ/ਧ 379-ਬੀ, 34, 411 ਆਈਪੀਸੀ ਥਾਣਾ ਤ੍ਰਿਪੜੀ ਪਟਿਆਲਾ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੇ ਪਟਿਆਲਾ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ 12 ਦੇ ਕਰੀਬ ਪਰਸ ਅਤੇ ਮੋਬਾਇਲ ਸਨੈਚਿੰਗ ਦੀਆਂ ਵਾਰਦਾਤਾਂ ਕੀਤੀਆਂ ਹਨ।
ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਵਾਰਦਾਤਾਂ ਸਬੰਧੀ ਵੱਖ ਵੱਖ ਮੁੱਕਦਮੇ ਪਟਿਆਲਾ ਦੇ ਅਲੱਗ ਅਲੱਗ ਥਾਣਿਆਂ 'ਚ ਦਰਜ ਹਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਦੀ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ।