ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹਾ ਪੁਲਿਸ ਮੋਹਾਲੀ ਨੇ ਪਿਛਲੇ ਸਾਲ ਜੂਨ ਮਹੀਨੇ ਵਿੱਚ ਫੇਸ-10 ਮੋਹਾਲ਼ੀ ਵਿਖੇ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਵਿਖੇ 02 ਨਾ-ਮਾਲੂਮ ਲੁਟੇਰਿਆਂ ਵੱਲੋਂ ਕੀਤੀ ਲੁੱਟ ਦੇ ਮਾਮਲੇ ਨੂੰ ਹੱਲ ਕਰਦੇ ਹੋਏ 02 ਲੁਟੇਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਪਾਸੋਂ ਨਜਾਇਜ਼ ਹਥਿਆਰ .32 ਬੋਰ ਪਿਸਟਲ ਸਮੇਤ 05 ਰੌਂਦ ਜਿੰਦਾ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੱਸ ਐੱਸ ਪੀ ਦੀਪਕ ਪਾਰੀਕ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਾਰਦਾਤ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ, ਉੱਪ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਮੋਹਾਲੀ ਐਟ ਖਰੜ ਟੀਮ ਵੱਲੋਂ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਲਗਾਤਾਰ ਕੀਤੀ ਜਾ ਰਹੀ ਮੇਹਨਤ ਨੂੰ ਮਿਤੀ 01-04-2025 ਨੂੰ ਦੋਸ਼ੀਆਂ ਅਮੀਰ ਖਾਨ ਉਰਫ ਅਲੀ ਪੁੱਤਰ ਇਸਲਾਮ ਅਲੀ ਵਾਸੀ ਨੇੜੇ ਮਸਜਿਦ ਪਿੰਡ ਛਛਰੌਲੀ ਜਿਲਾ ਯਮੁਨਾ ਨਗਰ, ਹਰਿਆਣਾ ਹਾਲ ਵਾਸੀ ਮਕਾਨ ਨੰ: 3037B, LIG ਕਲੋਨੀ, ਸੈਕਟਰ-52, ਚੰਡੀਗੜ (27 ਸਾਲ) ਅਤੇ ਸਾਗਰ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਸਿਆਲਬਾ ਮਾਜਰੀ, ਥਾਣਾ ਮਾਜਰੀ ਜਿਲਾ ਮੋਹਾਲੀ ਹਾਲ ਵਾਸੀ ਮਕਾਨ ਨੰ: 1310, ਨੇੜੇ ਬਾਲਮੀਕ ਮੰਦਿਰ ਪਿੰਡ ਬੁੜੈਲ, ਸੈਕਟਰ-45, ਚੰਡੀਗੜ (22 ਸਾਲ) ਦੀ ਗ੍ਰਿਫਤਾਰੀ ਨਾਲ ਸਫ਼ਲਤਾ ਮਿਲੀ।
ਉਨ੍ਹਾਂ ਦੱਸਿਆ ਕਿ ਮਿਤੀ 27-06-2024 ਨੂੰ ਕੁਨਾਲ ਸਿੰਘ ਰੰਗੀ ਪੁੱਤਰ ਨਾਹਰ ਸਿੰਘ ਰੰਗੀ ਵਾਸੀ ਮਕਾਨ ਨੰ: 05, ਐਰੋਸਿਟੀ, ਬਲਾਕ-ਏ, ਸੈਕਟਰ-66ਏ, ਮੋਹਾਲ਼ੀ ਦੇ ਬਿਆਨਾ ਦੇ ਅਧਾਰ ਤੇ 02 ਨਾ-ਮਾਲੂਮ ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਨੰ: 86 ਮਿਤੀ 27-06-2024 ਅ/ਧ 392, 34 IPC & 25-54-59 Arms Act ਥਾਣਾ ਫੇਸ-11 ਮੋਹਾਲ਼ੀ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਹਨਾਂ ਦੀ ਫੇਸ-10 ਮੋਹਾਲ਼ੀ ਦੀ ਬੂਥ ਮਾਰਕੀਟ ਵਿੱਚ ਜੀ.ਕੇ. ਜਿਊਲਰਜ ਦੇ ਨਾਮ ਤੋਂ ਸੁਨਿਆਰ ਦੀ ਦੁਕਾਨ ਹੈ। ਮਿਤੀ 27-06-2024 ਨੂੰ ਉਹ ਆਪਣੇ ਨਿੱਜੀ ਕੰਮ ਲਈ ਮਾਰਕੀਟ ਵਿੱਚ ਗਿਆ ਹੋਇਆ ਸੀ ਅਤੇ ਉਸਦੀ ਮਾਤਾ ਗੀਤਾਂਜਲੀ ਦੁਕਾਨ ਵਿੱਚ ਇਕੱਲੀ ਸੀ ਤਾਂ ਵਕਤ ਕ੍ਰੀਬ 03:40 PM ਦਾ ਹੋਵੇਗਾ ਕਿ ਦੁਕਾਨ ਅੰਦਰ ਇੱਕ-ਦਮ ਦੋ ਨੌਜਵਾਨ ਦਾਖਲ ਹੋਏ। ਜੋ ਸਿਰ ਤੋਂ ਮੋਨੇ ਸਨ ਅਤੇ ਦੋਨਾਂ ਨੇ ਕੈਪ ਪਹਿਨੀਆਂ ਹੋਈਆਂ ਸਨ, ਜਿਨਾਂ ਵਿੱਚ ਇੱਕ ਵਿਅਕਤੀ ਨੇ ਮਾਸਕ ਲਗਾਇਆ ਹੋਇਆ ਸੀ ਅਤੇ ਦੂਸਰੇ ਵਿਅਕਤੀ ਦੇ ਦਾੜੀ ਸੀ ਜੋ ਜਾਅਲੀ ਜਾਪਦੀ ਸੀ। ਜਿਸਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢਕੇ ਉਸਦੀ ਮਾਤਾ ਨੂੰ ਦਿਖਾਇਆ, ਜਿਸਤੇ ਉਸਦੀ ਮਾਤਾ ਡਰਕੇ ਬੈਠ ਗਈ ਤਾਂ ਇਹਨਾਂ ਵਿਅਕਤੀਆਂ ਵਿੱਚੋਂ ਇੱਕ ਨੇ ਸ਼ੀਸ਼ੇ ਵਿੱਚ ਪਏ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਮੌਕਾ ਤੇ ਆਪਣੀ ਐਕਟਿਵਾ ਨੰ: PB65-AB-8544 ਛੱਡਕੇ ਫਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਪਾਸੋਂ ਇਕ ਪਿਸਟਲ .32 ਬੋਰ ਦੇਸੀ ਸਮੇਤ 05 ਰੌਂਦ ਜਿੰਦਾ, 03 ਚੈਨ ਅਤੇ 02 ਕੜੇ ਆਰਟੀਫੀਸ਼ੀਅਲ/ਨਕਲੀ ਸੋਨਾ, ਵਾਰਦਾਤ ਵਿੱਚ ਦੋਸ਼ੀ ਸਾਗਰ ਦੀ ਪਹਿਲੀ ਟੀ-ਸ਼ਰਟ (ਜਿਸ ਤੇ Gangster ਲਿਖਿਆ ਹੈ) ਬਰਾਮਦ ਹੋਏ।
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਂ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਦੋਵੇਂ ਦੋਸ਼ੀ Scissor man ਨਾਮ ਦਾ ਸੈਲੂਨ ਫੇਸ-11 ਮੋਹਾਲੀ ਵਿਖੇ ਚਲਾਉਂਦੇ ਹਨ। ਦੋਸ਼ੀ ਅਮੀਰ ਖਾਨ ਉਰਫ ਅਲੀ ਫੇਸ-10 ਮੋਹਾਲ਼ੀ ਦੀ ਮਾਰਕੀਟ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ। ਜਿਸਨੇ ਕਈ ਵਾਰ ਦੇਖਿਆ ਸੀ ਕਿ ਜਿਊਲਰ ਸ਼ਾਪ ਵਿੱਚ ਇਕੱਲੀ ਔਰਤ ਬੈਠੀ ਹੁੰਦੀ ਹੈ। ਜਿਸ ਤੇ ਉਸਨੇ ਆਪਣੇ ਸਾਥੀ ਦੋਸ਼ੀ ਸਾਗਰ ਨਾਲ਼ ਮਿਲਕੇ ਜਿਊਲਰ ਸ਼ਾਪ ਵਿੱਚ ਲੁੱਟ ਕਰਨ ਦਾ ਪਲਾਨ ਬਣਾਇਆ ਸੀ। ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਐਕਟਿਵਾ ਨੰ: PB65-AB-8544 ਚੋਰੀ ਕੀਤਾ ਸੀ ਅਤੇ ਦੋਸ਼ੀ ਅਮੀਰ ਖਾਨ ਨੇ ਯੂ.ਪੀ. ਤੋਂ ਖੁਦ ਜਾ ਕੇ ਨਜਾਇਜ ਹਥਿਆਰ ਅਤੇ ਕਾਰਤੂਸ ਖਰੀਦਕੇ ਲਿਆਂਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਸ਼ੀ ਚੋਰੀ ਦੇ ਐਕਟਿਵਾ ਤੇ ਸਵਾਰ ਹੋ ਕੇ ਨਜਾਇਜ ਹਥਿਆਰ ਨਾਲ਼ ਲੈਸ ਹੋ ਕੇ ਡੁਪਲੀਕੇਟ ਦਾੜੀ ਅਤੇ ਮਾਸਕ ਪਹਿਨਕੇ ਗਏ ਸਨ। ਦੋਸ਼ੀਆਂ ਨੇ ਪੁੱਛਗਿੱਛ ਤੇ ਮੰਨਿਆ ਕਿ ਦੁਕਾਨ ਵਿੱਚੋਂ ਕ੍ਰੀਬ 350 ਗ੍ਰਾਮ ਗਹਿਣੇ ਲੁੱਟ ਕੀਤੇ ਸਨ। ਜੋ ਕਿ ਉਹਨਾਂ ਨੇ ਆਪਣੇ ਤੌਰ ਤੇ ਗਹਿਣੇ ਚੈੱਕ ਕੀਤੇ ਸਨ, ਜੋ ਕਿ ਉਹਨਾਂ ਆਰਟੀਫੀਸ਼ੀਅਲ ਜਾਪਦੇ ਸਨ। ਜਿਸ ਕਰਕੇ ਉਹਨਾਂ ਨੇ ਲੁੱਟ ਕੀਤੇ ਗਹਿਣਿਆਂ ਨੂੰ ਨੇੜੇ ਫੇਸ-9 ਗੰਦੇ ਨਾਲੇ ਵਿੱਚ ਲੁੱਟ ਕਰਨ ਤੋਂ ਕੁੱਝ ਦਿਨ ਬਾਅਦ ਸੁੱਟ ਦਿੱਤਾ ਸੀ। ਕੁੱਝ ਗਹਿਣੇ ਅਤੇ ਦੋਸ਼ੀ ਸਾਗਰ ਦੀ ਵਾਰਦਾਤ ਸਮੇਂ ਪਹਿਨੀ ਟੀ-ਸ਼ਰਟ ਰੰਗ ਕਾਲ਼ਾ ਜਿਸ ਤੇ Gangster ਲਿਖਿਆ ਹੋਇਆ ਸੀ, ਨੂੰ ਦੋਸ਼ੀ ਸਾਗਰ ਨੇ ਆਪਣੀ ਮਾਤਾ ਦੇ ਕਿਰਾਏ ਵਾਲ਼ੇ ਕਮਰਾ ਨੰ: 6 ਮੰਡੇਰ ਨਗਰ, ਖਰੜ੍ਹ ਵਿੱਚ ਲੁਕਾ ਛੁਪਾ ਕੇ ਰੱਖਿਆ ਸੀ, ਜੋ ਗਹਿਣੇ ਅਤੇ ਟੀ-ਸ਼ਰਟ ਬ੍ਰਾਮਦ ਕਰ ਲਈ ਹੈ।