Wednesday, April 09, 2025

Chandigarh

ਪੰਜਾਬ ਨੂੰ ਸੁਰੱਖਿਆ ਅਤੇ ਆਰਥਿਕ ਪੁਨਰ ਸੁਰਜੀਤੀ ਲਈ ਐਨਡੀਏ ਸਰਕਾਰ ਦੀ ਲੋੜ ਹੈ: ਕੈਪਟਨ ਅਮਰਿੰਦਰ

February 10, 2022 04:40 PM
SehajTimes

ਪਟਿਆਲਾ : ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸੂਬੇ ਨੂੰ ਸੁਰੱਖਿਆ ਦੇ ਨਾਲ-ਨਾਲ ਆਰਥਿਕ ਪੁਨਰ ਸੁਰਜੀਤੀ ਲਈ ਐਨ ਡੀ ਏ (ਨੈਸ਼ਨਲ ਡੇਮੋਕ੍ਰੇਟਿਕ ਅਲਾਇੰਸ) ਸਰਕਾਰ ਦੀ ਲੋੜ ਹੈ।

ਕੈਪਟਨ ਅਮਰਿੰਦਰ ਨੇ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਤੋਂ 10 ਕਰੋੜ ਰੁਪਏ ਜ਼ਬਤ ਕਰਨ ਤੋਂ ਬਾਅਦ ਵੀ ਚੰਨੀ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾਮਜ਼ਦ ਕਰਨ ਦੇ ਕਾਂਗਰਸ ਪਾਰਟੀ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ।

ਅੱਜ ਇੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਪਟਿਆਲਾ ਵੱਲੋਂ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਚੀਨ-ਪਾਕਿਸਤਾਨ-ਤਾਲਿਬਾਨ ਦੇ ਗਠਜੋੜ ਕਾਰਨ ਗੰਭੀਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਲਈ ਚੁਣੌਤੀ ਹੋਰ ਵੀ ਵਧੇਰੇ ਹੈ ਕਿਉਂਕਿ ਪੰਜਾਬ ਦੀ 600 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲਗਦੀ ਹੈ। ਪੀ ਐਲ ਸੀ ਮੁੱਖੀ ਨੇ ਕਿਹਾ, “ਸਾਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਸੁਰੱਖਿਆ ਚੁਣੌਤੀ ਨੂੰ ਗੰਭੀਰਤਾ ਨਾਲ ਲਵੇ ਅਤੇ ਕੇਂਦਰ ਸਰਕਾਰ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰੇ”।
 
ਸਾਬਕਾ ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਸਰਹੱਦ ਦੇ ਇਸ ਪਾਸੇ ਹਥਿਆਰਾਂ, ਨਸ਼ਿਆਂ ਅਤੇ ਜਾਅਲੀ ਕਰੰਸੀ ਦੀ ਤਸਕਰੀ ਕਰਨ ਲਈ ਵਰਤੇ ਜਾ ਰਹੇ ਅਤਿ ਆਧੁਨਿਕ ਡਰੋਨਾਂ ਦਾ ਵੇਰਵਾ ਵੀ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀ ਐੱਸ ਐੱਫ ਦੇ ਕਾਰਜ ਖੇਤਰ ਦੇ ਵਾਧੇ, ਜੋ ਕਿ ਸਮੇਂ ਦੀ ਲੋੜ ਹੈ, ਦਾ ‘ਬੇਸਮਝ’ ਵਿਰੋਧ ਕਰਨ ਲਈ ਆਲੋਚਨਾ ਵੀ ਕੀਤੀ।
 
ਸੂਬੇ ਦੀ ਮੌਜੂਦਾ ਆਰਥਿਕ ਸਥਿਤੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਕੁੱਲ ਘਰੇਲੂ ਪੈਦਾਵਾਰ 5.25 ਲੱਖ ਕਰੋੜ ਰੁਪਏ ਸੀ, ਜਿਸ ਦਾ 70 ਫੀਸਦੀ ਕਰਜ਼ਾ ਹੀ ਹੈ। ਉਨ੍ਹਾਂ ਕਿਹਾ ਕਿ ਇਸ ਕਰਜ਼ੇ ਦੇ ਜਾਲ ਵਿੱਚੋਂ ਬਾਹਰ ਨਿਕਲਣਾ ਬਹੁਤ ਵੱਡਾ ਕਾਰਜ ਹੈ, ਜੋ ਕੇਂਦਰ ਸਰਕਾਰ ਦੇ ਸਹਿਯੋਗ ਅਤੇ ਸਹਾਰੇ ਤੋਂ ਬਿਨਾਂ ਹਰਗਿਜ਼ ਸੰਭਵ ਨਹੀਂ ਹੈ।
 
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਘੱਟੋ-ਘੱਟ ਸੱਤ ਸਾਲ ਹੋਰ ਸੱਤਾ ਵਿੱਚ ਰਹੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੀ ਸਰਕਾਰ ਹੋਣੀ ਚਾਹੀਦੀ ਹੈ ਜੋ ਮੋਦੀ ਨਾਲ ਮਿਲ ਕੇ ਕੰਮ ਕਰੇਗੀ ਕਿਉਂਕਿ ਇਹੀ ਇੱਕੋ ਇੱਕ ਰਾਹ ਹੈ।
 
ਖੇਤੀਬਾੜੀ ਮਾਮਲਿਆਂ 'ਤੇ ਟਿੱਪਣੀ ਕਰਦਿਆਂ ਕੈਪਟਨ ਨੇ ਕਿਹਾ ਕਿ ਐਨ ਡੀ ਏ ਨੇ ਖੇਤੀਬਾੜੀ ਇੱਕ ਵਿਸ਼ੇਸ਼ ਮੈਨੀਫੈਸਟੋ ਜਾਰੀ ਕੀਤਾ ਹੈ, ਜਿਸ ਵਿੱਚ ਬਦਲਵੀਆਂ ਫਸਲਾਂ ਲਈ ਗਾਰੰਟੀਸ਼ੁਦਾ ਐਮ.ਐਸ.ਪੀ ਅਤੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਕਰਜ਼ਾ ਮੁਆਫੀ ਵਰਗੀਆਂ ਕਈ ਅਹਿਮ ਨੀਤੀਆਂ ਦੇ ਵਾਅਦੇ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮੈਨੀਫੈਸਟੋ ਵਿੱਚ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਵਾਅਦਿਆਂ ਨੂੰ ਅਮਲ ਵਿੱਚ ਲਿਆਉਣ ਲਈ ਵਿੱਤੀ ਪ੍ਰਬੰਧ ਪਹਿਲਾਂ ਹੀ ਹੋ ਚੁੱਕੇ ਹਨ।
 
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਚੰਨੀ ਦੇ ਭਤੀਜੇ ਦੇ ਕਬਜ਼ੇ ਚੋਂ ਭ੍ਰਿਸ਼ਟਾਚਾਰ ਦਾ ਐਨਾ ਪੈਸਾ ਜ਼ਬਤ ਹੋਣ ਦੇ ਬਾਵਜੂਦ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੈ। ਇਹ ਕਾਂਗਰਸ ਪਾਰਟੀ ਦੇ ਨਿਰਾਸ਼ਾਜਨਕ ਪਤਨ ਦਾ ਪੱਧਰ ਦਰਸਾਉਂਦਾ ਹੈ ਕਿ ਪਾਰਟੀ ਨੇ ਭ੍ਰਿਸ਼ਟਾਚਾਰ ਨਾਲ ਹੀ ਸਮਝੌਤਾ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਭਤੀਜੇ ਨੇ ਜਾਂਚ ਏਜੰਸੀਆਂ ਨੂੰ ਇਹ ਵੀ ਦੱਸਿਆ ਕਿ ਜ਼ਬਤ ਕੀਤਾ ਗਿਆ ਪੈਸਾ ਰੇਤ ਮਾਈਨਿੰਗ ਮਾਫੀਆ ਅਤੇ ਅਫਸਰਾਂ ਦੇ ਤਬਾਦਲਿਆਂ ਤੋਂ ਇਕੱਠਾ ਕੀਤਾ ਗਿਆ ਸੀ।
 
ਕੈਪਟਨ ਅਮਰਿੰਦਰ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਉਨ੍ਹਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਰ ਨਾਲ ਉਨ੍ਹਾਂ ਦੀ ਲੰਬੀ ਸਾਂਝ ਹੈ ਅਤੇ ਜਦੋਂ ਵੀ ਉਹ ਚੋਣਾਂ ਲੜਨਗੇ, ਉਹ ਮੈਂਬਰਾਂ ਨਾਲ ਮਿਲਦੇ ਰਹਿਣਗੇ।
 
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਸਵਾਗਤ ਕਰਦਿਆਂ ਡੀ.ਬੀ.ਏ. ਦੇ ਪ੍ਰਧਾਨ ਜੇ.ਪੀ.ਐਸ. ਘੁੰਮਣ ਨੇ ਬਾਰ ਦੀ ਤਰਫੋਂ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ (ਕੈਪਟਨ ਅਮਰਿੰਦਰ) ਨੇ ਪਟਿਆਲਾ ਦੇ ਵਕੀਲ ਭਾਈਚਾਰੇ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਦੇ ਚੈਂਬਰ ਤੇ ਓਹ ਥਾਂ ਜਿੱਥੇ ਉਹ ਬੈਠੇ ਹਨ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਹੁੰਦਿਆਂ ਹੀ ਬਣਵਾਈ ਸੀ।  ਉਨ੍ਹਾਂ ਕੈਪਟਨ ਅਮਰਿੰਦਰ ਨੂੰ ਡੀ.ਬੀ.ਏ. ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
 
ਇਸ ਮੌਕੇ ਸਿਟੀ ਮੇਅਰ ਸੰਜੀਵ ‘ਬਿੱਟੂ’ ਸ਼ਰਮਾ ਜੋ ਕਿ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਹਨ, ਹੋਰਨਾਂ ਤੋਂ ਇਲਾਵਾ ਅਵਨੀਤ ਬਿੰਨੀ, ਜ਼ਿਲ੍ਹਾ ਭਾਜਪਾ ਪ੍ਰਧਾਨ ਨਰਿੰਦਰ ਕੋਹਲੀ ਆਦਿ ਵੀ ਹਾਜ਼ਰ ਸਨ।

Have something to say? Post your comment

 

More in Chandigarh

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੂਬੇ ਭਰ ‘ਚ ਡੀਵੌਰਮਿੰਗ ਮੁਹਿੰਮ ਦਾ ਆਗ਼ਾਜ਼; ਦਵਾਈ ਦੀ ਵੰਡ ਲਈ 2 ਹਜ਼ਾਰ ਟੀਮਾਂ ਗਠਿਤ

ਪਾਲਤੂ ਜਾਨਵਰਾਂ ਦੀ ਵਿੱਕਰੀ ਕਰਨ ਵਾਲੀਆਂ ਦੁਕਾਨਾਂ ਅਤੇ ਕੁੱਤਿਆਂ ਦੇ ਪਾਲਕਾਂ ਲਈ ਰਜਿਸਟ੍ਰੇਸ਼ਨ ਸਰਕਾਰ ਵੱਲੋਂ ਲਾਜ਼ਮੀ

ਸਿੱਖਿਆ ਕ੍ਰਾਂਤੀ ਬਦਲੇਗੀ ਪੰਜਾਬ ਦੀ ਤਸਵੀਰ: ਹਰਭਜਨ ਸਿੰਘ ਈ. ਟੀ. ਓ.

ਭਾਜਪਾ ਆਗੂ ਦੇ ਘਰ ’ਤੇ ਗ੍ਰਨੇਡ ਹਮਲਾ: ਪੰਜਾਬ ਪੁਲਿਸ ਨੇ ਮਹਿਜ਼ 12 ਘੰਟਿਆਂ ਦੇ ਅੰਦਰ ਸੁੁਲਝਾਇਆ ਮਾਮਲਾ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੰਗਰੂਰ ਸਮੇਤ ਪੰਜਾਬ ਦੇ 7 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ

RTA ਬਠਿੰਡਾ ਦੀ ਚੈਕਿੰਗ : ਅਣਫਿੱਟ ਜੀਪਾਂ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਰਜਿਸਟਰਡ ਕਰਕੇ ਮਹਿੰਗੀਆਂ ਵੇਚਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਤਿੰਨ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ

ਪੰਜਾਬ ਵਿੱਚ 8 ਅਪ੍ਰੈਲ ਤੋਂ 22 ਅਪ੍ਰੈਲ ਤੱਕ 7ਵਾਂ ਪੋਸ਼ਣ ਪਖਵਾੜਾ ਮਨਾਇਆ ਜਾਵੇਗਾ: ਡਾ. ਬਲਜੀਤ ਕੌਰ

ਪੰਜਾਬ ਦੇ ਪੇਂਡੂ ਖੇਤਰਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ 196 ਲਾਇਬ੍ਰੇਰੀਆਂ ਕਾਰਜਸ਼ੀਲ: ਤਰੁਨਪ੍ਰੀਤ ਸਿੰਘ ਸੌਂਦ

ਅਨੂਸੁਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਕੀਤਾ ਜਾਵੇਗਾ ਸੂਬੇ ਦਾ ਦੌਰਾ

ਪੰਜਾਬ ਵੱਲੋਂ ਪਰਿਵਰਤਨਸ਼ੀਲ ਪੇਂਡੂ ਸੜਕ ਵਿਕਾਸ ਪਹਿਲਕਦਮੀ ਦੀ ਸ਼ੁਰੂਆਤ; ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਫੌਰੀ ਕਾਰਵਾਈ 'ਆਪ' ਸਰਕਾਰ ਦੀ ਵਾਅਦਿਆਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ