Friday, November 22, 2024

Chandigarh

ਫ਼ਲਾਂ ਨੂੰ ਹਾਨੀਕਾਰਕ ਕੀੜਿਆਂ ਮੱਖੀਆਂ ਤੋਂ ਬਚਾਉਣ ਲਈ ਚੰਡੀਗੜ ਯੂਨੀਵਰਸਿਟੀ ਦੀ ਫੈਕਲਟੀ ਨੇ ਬਣਾਈ ਬਾਇਓ-ਕੀਟਨਾਸ਼ਕ ਸਪਰੇਅ

February 10, 2022 07:30 PM
SehajTimes

ਫ਼ਲਾਂ ’ਤੇ ਕੀਟਾਂ ਦੇ ਹਮਲਿਆਂ ਨੂੰ ਰੋਕ ਕੇ ਫ਼ਸਲ ਦੀ ਪੈਦਾਵਾਰ ’ਚ ਕਰੇਗੀ ਵਾਧਾ: ਬਾਗਬਾਨੀ ਬਣੇਗੀ ਲਾਹੇਵੰਦ ਧੰਦਾ

ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਬਾਗ਼ਬਾਨੀ ਇੱਕ ਚੰਗਾ ਬਦਲ ਮੰਨਿਆ ਗਿਆ ਹੈ, ਪਰ ਫ਼ਲਾਂ ’ਤੇ ਕੀੜਿਆਂ ਅਤੇ ਮੱਖੀਆਂ ਦੇ ਹਮਲਿਆਂ ਨੇ ਬਾਗ਼ਬਾਨੀ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਅਮਰੂਦ ਅਤੇ ਅੰਬ ਵਰਗੇ ਫ਼ਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਕੱਲੇ ਪੰਜਾਬ ’ਚ 8 ਹਜ਼ਾਰ ਹੈਕਟੇਅਰ ਰਕਬੇ ਅਧੀਨ ਅਮਰੂਦਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ, ਪਰ ਫ਼ਲਾਂ ਦੀ ਮੱਖੀਆਂ (ਬੈਕਟ੍ਰੋਸੇਰਾ ਡੋਰਸਾਲਿਸ) ਦੇ ਹਮਲੇ ਨਾਲ ਕੁੱਝ ਦਹਾਕਿਆਂ ਤੋਂ ਬਾਗ਼ਬਾਨੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ। ਜ਼ਿਆਦਾਤਰ ਅਮਰੂਦ ਉਤਪਾਦਕ ਫ਼ਲਾਂ ਦੀਆਂ ਮੱਖੀਆਂ ਅਤੇ ਕੀੜਿਆਂ ਦੇ ਹਮਲਿਆਂ ਕਾਰਨ ਬਰਸਾਤੀ ਮੌਸਮ ’ਚ ਘੱਟ ਝਾੜ ਤੋਂ ਪੀੜਤ ਹੁੰਦੇ ਹਨ। ਇਨਾਂ ਹਮਲਿਆਂ ਕਾਰਨ ਦੇਸ਼ ਭਰ ’ਚ ਵਾਢੀ ਦੇ ਸਮੇਂ ਲਗਭਗ 27 ਤੋਂ 42 ਫ਼ੀਸਦੀ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ ਜਦਕਿ ਬਰਸਾਤ ਦੇ ਮੌਸਮ ’ਚ ਫ਼ਸਲ ਦਾ ਨੁਕਸਾਨ 80 ਫ਼ੀਸਦੀ ਤੱਕ ਵੀ ਪਹੁੰਚ ਜਾਂਦਾ ਹੈ। ਪੰਜਾਬ ’ਚ ਜੇਕਰ ਫ਼ਸਲਾਂ ’ਤੇ ਸਹੀ ਉਪਾਅ ਨਾ ਕੀਤੇ ਜਾਣ ਤਾਂ ਇਹ ਨੁਕਸਾਨ 70 ਫ਼ੀਸਦੀ ਤੱਕ ਪਹੁੰਚ ਜਾਂਦਾ ਹੈ।

ਬਾਗ਼ਬਾਨੀ ਦੇ ਖੇਤਰ ’ਚ ਕਿਸਾਨੀ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਵੇਖਦਿਆਂ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਖੋਜ ਅਤੇ ਵਿਕਾਸ ਵਿਭਾਗ ਦੀ ਪ੍ਰੋਫੈਸਰ ਡਾ. ਸੀਮਾ ਰਾਮਨਿਵਾਸ ਅਤੇ ਸਹਿਯੋਗੀ ਡਾ. ਦਿਵਿਆ ਸਿੰਘ ਵੱਲੋਂ ਫ਼ਲਾਂ ਦੀਆਂ ਮੱਖੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਵਿਸ਼ੇਸ਼ ਬਾਇਓਕੀਟਨਾਸ਼ਕ ਸਪਰੇਅ ਤਿਆਰ ਕੀਤੀ ਗਈ ਹੈ। ਫ਼ਲਾਂ ’ਤੇ ਕੀਟਾਂ ਦੀ ਮਾਰ ਨੂੰ ਰੋਕਣ ਲਈ ਚੰਡੀਗੜ ਯੂਨੀਵਰਸਿਟੀ ਦੇ ਖੋਜ ਅਤੇ ਵਿਕਾਸ ਸੈਂਟਰ ਦੀ ਜੈਨੇਟਿਕਸ ਲੈਬ ’ਚ ਪ੍ਰਤੀਰੋਧੀ ਤਿਆਰ ਕੀਤੇ ਗਏ ਹਨ।ਇਨਾਂ ਪ੍ਰਤੀਰੋਧੀਆਂ ਦੀ ਪ੍ਰਯੋਗਸ਼ਾਲਾ ਅਤੇ ਖੇਤ ਦੋਵਾਂ ਵਿੱਚ ਪ੍ਰਭਾਵਸ਼ੀਲਤਾ ਅਤੇ ਗੰਭੀਰਤਾ ਨਾਲ ਜਾਂਚ ਕੀਤੀ ਗਈ ਹੈ। ਇਸ ਤਜ਼ਰਬੇ ਦੇ ਸਫ਼ਲ ਨਤੀਜੇ ਸਾਹਮਣੇ ਆਏ ਹਨ ਜਦਕਿ ਬਾਇਓ-ਕੀਟਨਾਸ਼ਕ ਹੋਣ ਕਰਕੇ ਵਾਤਾਵਰਣ ਅਨੁਕੂਲਤਾ ਪੱਖੋਂ ਵੀ ਇਹ ਲਾਹੇਵੰਦ ਸਿੱਧ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੀਮਾ ਰਾਮਨਿਵਾਸ ਨੇ ਦੱਸਿਆ ਕਿ ਫਲਾਂ ਦੇ ਉਤਪਾਦਨ ’ਚ 12.6 ਫ਼ੀਸਦੀ ਹਿੱਸੇਦਾਰੀ ਨਾਲ ਭਾਰਤ ਵਿਸ਼ਵ ਭਰ ’ਚ ਦੂਜੇ ਸਥਾਨ ’ਤੇ ਹੈ ਅਤੇ ਦੇਸ਼ ਦੀ ਆਰਥਿਕਤਾ ਵਿੱਚ ਫ਼ਲਾਂ ਦਾ ਯੋਗਦਾਨ ਲਗਭਗ 2 ਲੱਖ ਕਰੋੜ ਰੁਪਏ ਹਨ, ਪਰ ਭਾਰਤ ਵਿੱਚ ਫ਼ਲਾਂ ਦੀ ਮੱਖੀ, ਕੀੜਿਆਂ, ਬਿਮਾਰੀਆਂ ਕਾਰਨ ਫ਼ਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਉਤਪਾਦਨ ਵਿੱਚ 30 ਫ਼ੀਸਦੀ ਨੁਕਸਾਨ ਝੱਲਣਾ ਪੈਂਦਾ ਹੈ। ਉਨਾਂ ਦੱਸਿਆ ਕਿ ਬਾਗਬਾਨੀ ਨੂੰ ਇਨਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਬਾਇਓ੍ਕੀਟਨਾਸ਼ਕ ਸਪਰੇਅ ਕਾਰਗਰ ਸਿੱਧ ਹੋਵੇਗੀ, ਜਿਸ ਸਬੰਧੀ ਤਜ਼ਰਬੇ ਵੀ ਸਫ਼ਲ ਰਹੇ ਹਨ। ਉਨਾਂ ਦੱਸਿਆ ਕਿ ਬਾਇਓਕੀਟਨਾਸ਼ਕ ਦੇ ਛਿੜਕਾਅ ਨਾਲ ਫਲ ਮੱਖੀਆਂ ਸਮੇਤ ਹੋਰਨਾਂ ਹਾਨੀਕਾਰਕ ਕੀੜਿਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬ ਸਮੇਤ ਹੋਰਨਾਂ ਕਈ ਸੂਬਿਆਂ ’ਚ ਟਿੱਡੀ ਦਲ ਦੇ ਹਮਲਿਆਂ ਨਾਲ ਕਿਸਾਨੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ। ਇਨਾਂ ਦੇ ਖਾਤਮੇ ਲਈ ਵੀ ਇਸ ਸਪਰੇਅ ’ਤੇ ਤਜ਼ਰਬੇ ਕੀਤੇ ਗਏ ਹਨ, ਜਿਸ ਨਾਲ ਟਿੱਡੀ ਦਲ ਦਾ ਸੰਪੂਰਨ ਤੌਰ ’ਤੇ ਖਾਤਮਾ ਸੰਭਵ ਹੋ ਸਕੇਗਾ।

ਉਨਾਂ ਦੱਸਿਆ ਕਿ ਫ਼ਲਾਂ ਦੀ ਮੱਖੀ ਨੂੰ ਕੰਟਰੋਲ ਕਰਨ ਲਈ ਰਸਾਇਣਾਂ ਦੀ ਵਰਤੋਂ ਖਪਤਕਾਰਾਂ ਲਈ ਨੁਕਸਾਨਦੇਹ ਹੈ ਕਿਉਂਕਿ ਇਹ ਫ਼ਲਾਂ ’ਤੇ ਜ਼ਹਿਰੀਲੀ ਰਹਿੰਦ ਖੂੰਹਦ ਛੱਡਦੀ ਹੈ। ਇਸ ਲਈ ਪ੍ਰਭਾਵ ਨੂੰ ਰੋਕਣ ਲਈ ਬਾਇਓ-ਕੀਟਨਾਸ਼ਕਾਂ ਨੂੰ ਉਤਸ਼ਾਹਿਤ ਕੀਤੇ ਜਾਣਾ ਆਰਥਿਕ ਤੇ ਸਮਾਜਿਕ ਪੱਖੋਂ ਸਮੇਂ ਦੀ ਲੋੜ ਹੈ। ਕੀਟਾਂ ਦੇ ਹਮਲੇ ਕਾਰਨ ਡਿੱਗੇ ਫਲਾਂ ਅਤੇ ਸੰਕਰਮਿਤ ਫਲਾਂ ਨੂੰ ਕਿਸਾਨ ਨਜ਼ਰਅੰਦਾਜ਼ ਕਰਦੇ ਹਨ ਅਤੇ ਆਪਣੇ ਖੇਤ ਵਿੱਚ ਕੀਟਾਂ ਨੂੰ ਖਿੱਚਣ ਲਈ ਆਕਰਸ਼ਕ ’ਤੇ ਪੈਸਾ ਖਰਚ ਕਰਦੇ ਹਨ, ਜੋ ਕੇਵਲ ਨਰ ਕੀਟਾਂ ਨੂੰ ਆਕਰਸ਼ਿਤ ਕਰਦਾ ਹੈ, ਜਿਨਾਂ ਤੋਂ ਫ਼ਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਫ਼ਲਾਂ ਨੂੰ ਨੁਕਸਾਨ ਲਈ ਮਾਦਾ ਕੀਟ ਮੁੱਖ ਜ਼ਿੰਮੇਵਾਰ ਹਨ, ਕਿਉਂਕਿ ਉਹ ਫਲਾਂ ਦੇ ਅੰਦਰ ਅੰਡੇ ਪੈਦਾ ਕਰਦੀਆਂ ਹਨ, ਜੋ ਫ਼ਲ ਦੇ ਅੰਦਰ ਜੀਵਨ ਚੱਕਰ ਨੂੰ ਪੂਰਾ ਕਰਦੀਆਂ ਹਨ ਅਤੇ ਫ਼ਲ ਨੂੰ ਸਾੜਨ ਦਾ ਕਾਰਨ ਬਣਦੀਆਂ ਹਨ।

ਡਾ. ਸੀਮਾ ਨੇ ਦੱਸਿਆ ਕਿ ਫ਼ਲਾਂ ਦੀਆਂ ਮੱਖੀਆਂ ਨੂੰ ਆਕਰਸ਼ਿਤ ਕਰਨ ਲਈ ਕਿਸਾਨ ਗੁੜ ਅਤੇ ਮੈਲਾਥੀਓਨ ਮਿਸ਼ਰਣ ਦੀ ਵਰਤੋਂ ਕਰਦੇ ਹਨ ਜਾਂ ਆਪਣੀ ਫ਼ਸਲ ਦੀ ਸੁਰੱਖਿਆ ਲਈ ਮਿਥਾਇਲ ਯੂਜੇਨੋਲ ਖਰੀਦਣ ’ਤੇ ਪੈਦਾ ਖ਼ਰਚ ਕਰਦੇ ਹਨ ਪਰ ਕਿਸਾਨਾਂ ਨੂੰ ਮੁੱਖ ਕਾਰਨ ਸਮਝਣ ਦੀ ਲੋੜ ਹੈ। ਮਾਦਾ ਮੱਖੀਆਂ ਤੋਂ ਬਚਾਅ ਕਰਕੇ ਕਿਸਾਨ ਆਪਣੀ ਫ਼ਸਲ ਦੀ ਸੁਰੱਖਿਆ ਅਤੇ ਪੈਦਾਵਾਰ ਵਧਾਉਣ ’ਚ ਸਫ਼ਲ ਹੋ ਸਕਦੇ ਹਨ। ਉਨਾਂ ਦੱਸਿਆ ਕਿ ਇੱਕ ਸਾਧਾਰਨ ਦਿਖਾਈ ਦੇਣ ਵਾਲੇ ਅਮਰੂਦ ਨੂੰ ਫ਼ਲਾਂ ਦੀਆਂ ਮੱਖੀਆਂ ਦੁਆਰਾ ਵੀ ਸੰਕਰਮਿਤ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਮੱਖੀ ਫਲਾਂ ’ਤੇ ਬੈਠਦੀ ਹੈ ਤਾਂ ਇਹ ਫਲਾਂ ਦੇ ਅੰਦਰ ਅੰਡੇ ਦਿੰਦੀਆਂ ਹਨ, ਜਿਸ ਨੂੰ ਮਾਈਕ੍ਰੋਸਕੋਪ ਨਾਲ ਹੀ ਵੇਖਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਬਾਇਓ-ਕੀਟਨਾਸ਼ਕਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਉਹ ਆਪਣੀ ਫ਼ਸਲ ਦੇ ਝਾੜ ’ਚ ਸੁਧਾਰ ਕਰ ਸਕਦੇ ਹਨ ਜੋ ਲਾਗਤ ਪ੍ਰਭਾਵਸ਼ਾਲੀ ਵੀ ਸਿੱਧ ਹੋਣਗੇ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਹੋਰਨਾਂ ਚੁਣੌਤੀਆਂ ਸਬੰਧੀ ਵੀ ਪ੍ਰਾਜੈਕਟ ਆਰੰਭੇ ਗਏ ਹਨ, ਜਿਨਾਂ ’ਤੇ ਜੰਗੀ ਪੱਧਰ ’ਤੇ ਕੰਮ ਜਾਰੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਫ਼ਲ ਉਤਪਾਦਕਾਂ ਨੂੰ ਕੀਟਾਂ ਸਬੰਧੀ ਦਰਪੇਸ਼ ਆ ਰਹੀਆਂ ਚੁਣੌਤੀਆ ਨਾਲ ਨਜਿੱਠਣ ਲਈ ’ਵਰਸਿਟੀ ਦੀ ਫੈਕਲਟੀ ਵੱਲੋਂ ਬਣਾਈ ਬਾਇਓ-ਕੀਟਨਾਸ਼ਕ ਸਪਰੇਅ ਕਾਰਗਰ ਸਿੱਧ ਹੋਵੇਗੀ। ਫ਼ਲਾਂ ਦੀ ਪੈਦਾਵਾਰ ਵਧਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ, ਜਦਕਿ ਫ਼ਸਲੀ ਵਭਿੰਨਤਾ ਨੂੰ ਅਪਨਾਉਣ ਨਾਲ ਸਾਡੇ ਕੁਦਰਤੀ ਸੋਮਿਆਂ ’ਤੇ ਵੀ ਬੋਝ ਘੱਟਦਾ ਹੈ ਅਤੇ ਵਾਤਾਵਰਣ ਦਾ ਸੰਤੁਲਨ ਬਰਕਰਾਰ ਰਹਿੰਦਾ ਹੈ। ਉਨਾਂ ਕਿਹਾ ਕਿ ਸੰਸਥਾ ਹੋਣ ਦੇ ਨਾਤੇ ਸਮਾਜ ਪ੍ਰਤੀ ਵੀ ਸਾਡੀ ਜ਼ੁੰਮੇਵਾਰੀ ਬਣਦੀ ਹੈ ਅਤੇ ’ਵਰਸਿਟੀ ਦੀ ਰਿਸਰਚ ਫੈਕਲਟੀ ਅਤੇ ਵਿਦਿਆਰਥੀਆਂ ਵੱਲੋਂ ਸਮਾਜਿਕ ਪੱਧਰ ’ਤੇ ਦਰਪੇਸ਼ ਆਉਂਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੱਖੋ ਵੱਖਰੇ ਪ੍ਰਾਜੈਕਟ ਆਰੰਭ ਕੀਤੇ ਗਏ ਹਨ, ਜਿਸ ’ਚ ਖੇਤੀਬਾੜੀ, ਸਿਹਤ, ਪਾਣੀ ਸੰਭਾਲ, ਵਾਤਾਵਰਣ ਆਦਿ ਖੇਤਰ ਅਹਿਮ ਹਨ।ਉਨਾਂ ਦੱਸਿਆ ਕਿ ’ਵਰਸਿਟੀ ਵੱਲੋਂ ਖੋਜ ਕਾਰਜਾਂ ਲਈ 12 ਕਰੋੜ ਰੁਪਏ ਦਾ ਬਜਟ ਉਚੇਚੇ ਤੌਰ ’ਤੇ ਰਾਖਵਾਂ ਰੱਖਿਆ ਗਿਆ ਹੈ।

Have something to say? Post your comment

 

More in Chandigarh

ਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! 

ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਮਹਿਲਾ ਕਮਿਸ਼ਨ ਵੱਲੋਂ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਰੋਕੂ ਐਕਟ 2013 ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ, ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆ

ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਅਤੇ ਕਲਿਆਣਕਾਰੀ ਕਾਰਜਾਂ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ