ਘਨੌਰ : ਅੱਜ ਥਾਣਾ ਘਨੌਰ ਦੇ ਐਸ ਐੱਚ ਓ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਨਹਿਰ ਦੇ ਪੁੱਲ ਤੇ ਨਾਕਾ ਲਗਾਇਆ ਗਿਆ।ਇਸ ਨਾਕੇ ਤੇ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਦੇ ਦਰਜਨ ਦੇ ਕਰੀਬ ਚਲਾਨ ਕੱਟੇ ਗਏ ਅਤੇ 4 ਬੁਲੱਟ ਜ਼ਬਤ ਕਰਕੇ ਥਾਣੇ ਵਿੱਚ ਜਮ੍ਹਾਂ ਕੀਤੇ ।ਇਸ ਮੋਕੇ ਤੇ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਨੇ ਬੁਲਟ ਮੋਟਰਸਾਈਕਲ ਦਾ ਸਾਈਲੈਂਸਰ ਬਦਲਵਾ ਕੇ ਉਸ ਦੀ ਆਵਾਜ਼ ਤੇਜ਼ ਕੀਤੀ ਜਾਂ ਉਸ ਦੀ ਜਗ੍ਹਾ ਪਟਾਕੇ ਚਲਾਉਣ ਵਾਲਾ ਸਾਈਲੈਂਸਰ ਲਗਵਾਇਆ ਤਾਂ ਇਸ ਜ਼ੁਰਮ 'ਚ 6 ਸਾਲ ਦੀ ਕੈਦ ਤੱਕ ਹੋ ਸਕਦੀ ਹੈ।
ਇਸ ਦੇ ਨਾਲ ਹੀ ਜਿਹੜੇ ਮਕੈਨਿਕ ਸਾਈਲੈਂਸਰ ਬਦਲਣ ਦਾ ਕੰਮ ਕਰਦੇ ਹਨ, ਉਨ੍ਹਾਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਦਾ ਦਰ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਸਾਈਲੈਂਸਰ ਬਦਲਵਾ ਕੇ ਤੇਜ਼ ਆਵਾਜ਼ ਕਰਨ ਜਾਂ ਪਟਾਕੇ ਮਾਰਨ ਵਾਲੇ ਵਾਹਨਾਂ ਖਿਲਾਫ ਸਖ਼ਤ ਰੁਖ ਅਪਣਾਇਆ ਜਾਵੇਗਾ।
ਥਾਣਾ ਮੁਖੀ ਘਨੋਰ ਨੇ ਦੱਸਿਆ ਕਿ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਏਅਰ ਐਂਡ ਸਾਊਂਡ ਪੋਲਿਊਸ਼ਨ ਐਕਟ-1981 ਦੀ ਧਾਰਾ-37 ਤਹਿਤ ਕੋਈ ਵੀ ਵਿਅਕਤੀ ਜਾਂ ਏਜੰਸੀ ਜਾਂ ਨਿਰਮਾਤਾ ਕਿਸੇ ਵਾਹਨ ਜਾਂ ਬਾਈਕ 'ਚ ਮਲਟੀਟੋਨ ਹਾਰਨ, ਪ੍ਰੈਸ਼ਰ ਹਾਰਨ ਜਾਂ ਪਟਾਕੇ ਵਾਲੇ ਸਾਈਲੈਂਸਰ ਫਿੱਟ ਕਰਨ ਜਾਂ ਬਦਲਣ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ। ਇਸ ਜ਼ੁਰਮ 'ਚ 6 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਤੈਅ ਹੈ। ਇਸ ਸਬੰਧੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਅਕਤੂਬਰ, 2017 ਨੂੰ ਹੁਕਮ ਵੀ ਜਾਰੀ ਕਰ ਚੁੱਕੇ ਹਨ।