ਪਟਿਆਲਾ : ਪਟਿਆਲਾ ਦੇ ਐਸ.ਐਸ.ਪੀ. ਡਾ. ਸੰਦੀਪ ਗਰਗ ਦਾ ਤਬਾਦਲਾ ਹੋਣ 'ਤੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਆਪਣੇ ਦਫ਼ਤਰ ਵਿਖੇ ਡਾ. ਸੰਦੀਪ ਗਰਗ ਦਾ ਸਨਮਾਨ ਕਰਕੇ ਨਿੱਘੀ ਵਿਦਾਈ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਆਈ.ਜੀ. ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਅਤੇ ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਡਾ. ਸੰਦੀਪ ਗਰਗ ਦਾ ਸਨਮਾਨ ਕਰਦਿਆਂ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨਿਭਾਉਣ ਲਈ ਡਾ. ਗਰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰੀ ਦੇਸ਼ ਵਿੱਚ ਚੋਣਾਂ ਦਾ ਅਮਲ ਬਹੁਤ ਹੀ ਪੇਚੀਦਾ ਹੁੰਦਾ ਹੈ, ਜਿਸ 'ਚ ਪੁਲਿਸ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਡਾ. ਸੰਦੀਪ ਗਰਗ ਨੇ ਬਤੌਰ ਐਸ.ਐਸ.ਪੀ. ਜ਼ਿਲ੍ਹੇ ਅੰਦਰ ਇਨ੍ਹਾਂ ਚੋਣਾਂ ਦੇ ਸਮੁਚੇ ਅਮਲ ਨੂੰ ਬਹੁਤ ਹੀ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਇਆ।
ਆਈ.ਜੀ. ਰਾਕੇਸ਼ ਅਗਰਵਾਲ ਨੇ ਕਿਹਾ ਕਿ ਡਾ. ਸੰਦੀਪ ਗਰਗ ਨੇ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ 'ਚ ਜ਼ਿਲ੍ਹਾ ਪੁਲਿਸ ਦੀ ਸੁਚੱਜੀ ਅਗਵਾਈ ਕੀਤੀ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬਿਹਤਰ ਢੰਗ ਨਾਲ ਚੋਣ ਅਮਲ ਨੂੰ ਨੇਪਰੇ ਚੜ੍ਹਾਇਆ।
ਇਸ ਮੌਕੇ ਆਪਣਾ ਅਹੁਦਾ ਛੱਡ ਰਹੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਪਟਿਆਲਾ ਜ਼ਿਲ੍ਹੇ 'ਚ ਤਾਇਨਾਤੀ ਦੌਰਾਨ ਹਰੇਕ ਸੀਨੀਅਰ ਤੇ ਜੂਨੀਅਰ ਅਧਿਕਾਰੀ ਸਮੇਤ ਸਮੁੱਚੀ ਜ਼ਿਲ੍ਹਾ ਪੁਲਿਸ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਡਾ. ਗਰਗ ਨੇ ਸਹਿਯੋਗ ਦੇਣ ਲਈ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕੀਤਾ।