ਬਰਨਾਲਾ : ਨੌਜਵਾਨਾਂ ਨੂੰ ਪਾਣੀ ਦੀ ਸਾਂਭ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਹਿੱਤ ਭਾਰਤ ਸਰਕਾਰ ਦੇ ਜਲ ਮੰਤਰਾਲੇ ਵੱਲੋਂ ਨਹਿਰੂ ਯੁਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਵੱਖ-ਵੱਖ ਕਲੱਬਾਂ ਵਿੱਚ ਵੈਬੀਨਾਰ, ਨੁੱਕੜ ਨਾਟਕਾਂ ਤੇ ਕੰਧਾਂ ਸਲੋਗਨ ਲਿਖਣ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਬਰਨਾਲਾ ਜ਼ਿਲੇ ਦੇ ਨੌਜਵਾਨਾਂ ਦੀ ਇੱਕ ਵੈਬੀਨਾਰ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਲੇਖਕ ਅਤੇ ਸੀਨੀਅਰ ਪੱਤਰਕਾਰ ਸੀ ਮਾਰਕੰਡਾ ਨੇ ਪਾਣੀ ਦੀ ਸਮੱਸਿਆਵਾਂ ਅਤੇ ਇਸ ਦੇ ਸੁਧਾਰ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕੋਆਰਡੀਨੇਟਰ ਪੁਨੀਤ ਮੈਨਨ ਨੇ ਕਿਹਾ ਕਿ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ, ਇਸ ਲਈ ਨੌਜਵਾਨਾਂ ਨੂੰ ਅੱਗੇ ਆ ਕੇ ਪਾਣੀ ਦੀ ਬੱਚਤ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਯੂਥ ਅਫਸਰ ਓਮਕਾਰ ਸਵਾਮੀ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਨੌਜਵਾਨ ਹਮੇਸ਼ਾ ਹੀ ਸਮਾਜਕਿ ਬੁਰਾਈਆਂ ਤੇ ਹੋਰ ਭਖਦੇ ਵਿਸ਼ਿਆਂ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਚਲਾਉਦੇ ਹਨ।
ਇਹ ਖ਼ਬਰ ਵੀ ਪੜ੍ਹੋ : 👉👉ਪ੍ਰਸ਼ਾਸਨ ਹੋਇਆ ਮਾਸਕ ਨਾ ਪਹਿਨ ਵਾਲਿਆਂ ਦੇ ਸਖ਼ਤ
ਉਨਾਂ ਕਿਹਾ ਕਿ ਪਾਣੀ ਸੰਭਾਲ ਪ੍ਰਾਜੈਕਟ ਵਿੱਚ ਬਰਨਾਲਾ ਜ਼ਿਲੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਸ ਲਈ ਅੱਠ ਵਲੰਟੀਅਰ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੇ ਗਏ ਹਨ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਨੁੱਕੜ ਨਾਟਕ ਤੇ ਰੈਲੀਆਂ ਕਰਵਾਈਆਂ ਜਾਣਗੀਆਂ।
ਇਸ ਵੈਬੀਨਾਰ ਨੂੰ ਹੋਰਨਾਂ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾ ਤੇ ਪ੍ਰੋਗਰਾਮ ਸਹਾਇਕ ਸੰਦੀਪ ਘੰਡ, ਵਲੰਟੀਅਰ ਸੰਦੀਪ ਸਿੰਘ ਭਦੌੜ, ਸੁਸ਼ਮਾਵਤੀ ਬਰਨਾਲਾ, ਲਵਪ੍ਰੀਤ ਸਿੰਘ ਬਰਨਾਲਾ , ਬਲਬੀਰ ਸਿੰਘ ਤਾਜੋਕੇ ਤੇ ਇਕਬਾਲ ਮਾਨ ਨੇ ਸੰਬੋਧਨ ਕੀਤਾ।
ਇਹ ਖ਼ਬਰ ਵੀ ਪੜ੍ਹੋ : 👉👉ਆਓ ਵਿਚਾਰ ਕਰੀਏ : ਖੇਤੀ ਕਾਨੂੰਨਾਂ ਨੇ ਸਾਡਾ ਪਰਜਾਤੰਤਰ ਨੰਗਾ ਕਰ ਦਿਤਾ ਹੈ