ਚੰਡੀਗੜ੍ਹ : ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੋਕੀਓ ਓਲੰਪਿਕ-2021 ਵਿੱਚ ਕੁਆਲੀਫ਼ਾਈ ਕਰਨ ਲਈ ਰੱਖੀ 63.50 ਮੀਟਰ ਦੀ ਹੱਦ ਤੋਂ ਕਿਤੇ ਪਰੇ ਡਿਸਕਸ ਥਰੋਅ ਸੁੱਟ ਕੇ ਕੁਆਲੀਫ਼ਾਈ ਕਰਨ ਵਾਲੀ ਅਤੇ 9 ਸਾਲ ਪੁਰਾਣਾ ਕੌਮੀ ਰਿਕਾਰਡ ਤੋੜਨ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ।
ਇਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਵਿਅਕਤੀਗਤ ਮੁਕਾਬਲਿਆਂ ਵਿੱਚ ਮੁੱਕੇਬਾਜ਼ੀ ਵਿੱਚ ਸਿਮਰਜੀਤ ਕੌਰ ਚੱਕਰ ਤੋਂ ਬਾਅਦ ਉਲੰਪਿਕਸ ਲਈ ਕੁਆਲੀਫ਼ਾਈ ਕਰਕੇ ਕਮਲਪ੍ਰੀਤ ਕੌਰ ਨੇ ਹੁਣ ਪੰਜਾਬ ਦਾ ਮਾਣ ਵਧਾਿੲਅਾ ਹੈ। ਮਲੋਟ ਨੇੜਲੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਨੇ ਐਨ.ਆਈ.ਐਸ. ਪਟਿਆਲਾ ਵਿਖੇ 15 ਤੋਂ 19 ਮਾਰਚ ਤੱਕ ਹੋਈ 24ਵੀਂ ਨੈਸ਼ਨਲ ਫ਼ੈਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ-2021 ਦੇ ਆਖ਼ਰੀ ਦਿਨ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ। ਇਸ ਦੇ ਨਾਲ ਹੀ 65 ਮੀਟਰ ਦੀ ਹੱਦ ਪਾਰ ਕਰਨ ਵਾਲੀ ਉਹ ਪਹਿਲੀ ਭਾਰਤੀ ਥਰੋਅਰ ਬਣ ਗਈ ਅਤੇ ਡਿਸਕਸ ਥਰੋਅ ਵਿੱਚ 9 ਸਾਲ ਪਹਿਲਾਂ ਬਣਾਇਆ ਗਿਆ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰ ਗਈ। ਕਮਲਪ੍ਰੀਤ ਕੌਰ ਨੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਦਾ ਨੈਸ਼ਨਲ ਰਿਕਾਰਡ ਤੋੜਿਆ ਜਿਸ ਨੇ 2012 ਵਿੱਚ 64.76 ਮੀਟਰ ਦੀ ਥਰੋਅ ਸੁੱਟ ਕੇ ਰਿਕਾਰਡ ਕਾਇਮ ਕੀਤਾ ਸੀ।
ਰਾਣਾ ਸੋਢੀ ਨੇ ਕਿਹਾ, "ਮੈਂ ਬਹੁਤ ਖ਼ੁਸ਼ ਹਾਂ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਖੇਡਾਂ ਵਿੱਚ ਆਪਣਾ ਪਹਿਲਾਂ ਵਾਲਾ ਮੁਕਾਮ ਹਾਸਲ ਕਰੇਗਾ।"
ਖੇਡ ਮੰਤਰੀ ਰਾਣਾ ਸੋਢੀ ਨੇ ਮੁੜ ਦੁਹਰਾਇਆ ਕਿਹਾ ਕਿ ਖਿਡਾਰੀ ਜੀਅ-ਜਾਨ ਨਾਲ ਖੇਡ ਪਿੜ ਵਿੱਚ ਸਫ਼ਲਤਾ ਦੇ ਝੰਡੇ ਗੱਡਣ। ਪੰਜਾਬ ਸਰਕਾਰ ਉਨ੍ਹਾਂ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਖਿਡਾਰੀਆਂ ਦੀ ਖੇਡ ਜਾਂ ਜੀਵਨ ਨਿਰਵਾਹ ਸਬੰਧੀ ਕਿਸੇ ਵੀ ਲੋੜ ਨੂੰ ਸਰਕਾਰ ਤਰਜੀਹੀ ਤੌਰ 'ਤੇ ਪੂਰਾ ਕਰੇਗੀ।
ਦੱਸ ਦੇਈਏ ਕਿ ਡੀ.ਐਮ.ਡਬਲਿਊ. ਪਟਿਆਲਾ ਵਿਖੇ ਸਿਖਲਾਈ ਪ੍ਰਾਪਤ ਕਰ ਰਹੀ ਕਮਲਪ੍ਰੀਤ ਕੌਰ ਨੇ ਇਸ ਰਿਕਾਰਡ ਥਰੋਅ ਦੇ ਨਾਲ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਦੇ ਕੁਆਲੀਫ਼ਾਈ ਲਈ ਰੱਖੀ 63.50 ਮੀਟਰ ਦੀ ਹੱਦ ਪਾਰ ਕਰਕੇ ਵੀ ਓਲੰਪਿਕਸ ਦੀ ਟਿਕਟ ਕਟਾ ਲਈ ਹੈ।