ਬਰਨਾਲਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਹਿਲ ਕਲਾਂ ਵੱਲੋਂ ਪਿੰਡ ਖਿਆਲੀ ’ਚ ਝੋਨੇ ਦੀ ਸਿੱਧੀ ਬਿਜਾਈ, ਨਦੀਨਾਂ ਦੀ ਰੋਕਥਾਮ, ਕੀੜੇ-ਮਕੌੜੇ, ਬਿਮਾਰੀਆਂ ਅਤੇ ਉਨਾਂ ਦੇ ਹੱਲ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਖੇਤੀਬਾੜੀ ਅਫ਼ਸਰ ਮਹਿਲ ਕਲਾਂ ਡਾ. ਜਰਨੈਲ ਸਿੰਘ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਮਸ਼ੀਨਰੀ ਦਾ ਸੁਚੱਜਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨਣ ਦੀ ਅਪੀਲ ਕੀਤੀ। ਉਨਾਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੌਨਸੂਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੱਦੂ ਵਾਲਾ ਝੋਨਾ 17 ਜੂਨ ਤੋਂ ਪਹਿਲਾਂ ਨਾ ਲਗਾਇਆ ਜਾਵੇ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਮਹਿਲ ਕਲਾਂ ਡਾ. ਜਸਮੀਨ ਸਿੰਘ ਸਿੱਧੂ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਢੰਗ ਬਿਆਨ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨ ਕੁਝ ਨੁਕਤਿਆਂ ਦਾ ਧਿਆਨ ਰੱਖਣ ਜਿਵੇਂ ਕਿ ਤਰ ਵੱਤਰ ਖੇਤ, ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਸਵੇਰੇ ਜਾਂ ਸ਼ਾਮ ਵੇਲੇ ਬਿਜਾਈ ਅਤੇ ਇਸ ਵਿਧੀ ਨਾਲ 15 ਤੋਂ 20 ਪ੍ਰਤੀਸ਼ਤ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਨਦੀਨ ਦੀ ਸਹੀ ਪਛਾਣ ਹੋਣ ਉਪਰੰਤ ਹੀ ਸ਼ਿਫਾਰਸ਼ ਕੀਤੇ ਗਏ ਨਦੀਨਾਸ਼ਕਾਂ ਦੀ ਵਰਤੋਂ ਹੀ ਕੀਤੀ ਜਾਵੇ ਅਤੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਇੱਕ ਲੀਟਰ ਪੈਂਡੀਮੈਥਾਲੀਨ ਅਤੇ 100 ਗ੍ਰਾਮ ਸਾਥੀ ਦਵਾਈ ਮਿਲਾ ਕੇ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਉਨਾਂ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨੇ ਦੇ ਮੁੱਖ ਨਦੀਨ ਸਵਾਂਕ ਅਤੇ ਸਵਾਂਕੀ ਦੀ ਰੋਕਥਾਮ ਲਈ 100 ਮਿਲੀਲੀਟਰ ਨੋਮਨੀਗੋਲਡ, ਘਾਹ ਵਾਲੇ ਨਦੀਨਾਂ ਲਈ 400 ਮਿਲੀਲੀਟਰ ਰਾਈਸਸਟਾਰ, ਚੌੜੇ ਪੱਤਿਆਂ ਵਾਲੇ ਨਦੀਨਾਂ ਲਈ 8 ਗ੍ਰਾਮ ਐੱਲਮਿਕਸ ਦਵਾਈ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ।
ਹਰਪਾਲ ਸਿੰਘ ਏਐੱਸਆਈ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪੋਰਟਲ ਜਾਰੀ ਕੀਤਾ ਗਿਆ ਹੈ, ਜਿਸਦੀ ਆਖਰੀ ਮਿਤੀ ਵਧਾ ਕੇ 30 ਜੂਨ ਕਰ ਦਿੱਤੀ ਗਈ ਹੈ। ਇਸ ਪੋਰਟਲ ਵਿੱਚ ਕਿਸਾਨ ਆਪਣੀ ਡੀਟੇਲ ਰਜਿਸਟਰ ਕਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਦਾ ਸਾਥ ਦੇਣ।
ਇਸ ਦੌਰਾਨ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਸ੍ਰੀ ਜਸਵਿੰਦਰ ਸਿੰਘ ਏ.ਟੀ.ਐੱਮ., ਸ੍ਰੀ ਕੁਲਦੀਪ ਸਿੰਘ ਬੇਲਦਾਰ ਤੋਂ ਇਲਾਵਾ ਕਿਸਾਨ ਰਾਜਾ ਰਾਮ, ਹਰਬੰਸ ਸਿੰਘ, ਨਰੇਸ਼ ਕੁਮਾਰ, ਕੁਲਵੰਤ ਸਿੰਘ, ਅੰਗਰੇਜ਼ ਸਿੰਘ, ਮੱਖਣ ਸਿੰਘ, ਹਰਜਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।