6635 ਈਟੀਟੀ ਅਸਾਮੀਆਂ 'ਚ ਅੰਗਹੀਣ ਕੋਟੇ ਦੀਆਂ ਖਾਲੀ ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ: ਪ੍ਰਿਥਵੀ ਵਰਮਾ
ਸੰਗਰੂਰ : ਪਿੱਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅੰਗਹੀਣ ਸਾਥੀਆਂ ਵੱਲੋਂ 18 ਅਗਸਤ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਚੰਡੀਗੜ੍ਹ ਅੱਗੇ 15 ਸਾਥੀਆਂ ਵੱਲੋਂ ਅਣਮਿੱਥੇ ਸਮੇਂ ਲਈ ਸਮੂਹਿਕ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਸੂਬਾਈ ਆਗੂ ਪ੍ਰਿਥਵੀ ਵਰਮਾ ਨੇ ਕਿਹਾ ਕੀ 2016 ਤੋਂ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅੰਗਹੀਣ ਸਾਥੀਆਂ ਦੀਆਂ ਮੰਗਾਂ ਵੱਲ ਸਰਕਾਰ ਸੁਚੇਤ ਨਹੀਂ ਹੈ ਤੇ ਹੱਕਾ ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ 2018 ਵਿੱਚ 161 ਈਟੀਟੀ ਅਸਾਮੀਆਂ ਵਿੱਚ ਅੰਗਹੀਣ ਅਸਾਮੀਆਂ ਵਿੱਚ ਸਰਕਾਰ ਵੱਲੋਂ ਸਰਵਿਸ ਨਿਯਮਾਂ ਨੂੰ ਬਦਲ ਕੇ ਅੰਗਹੀਣ ਸਾਥੀਆਂ ਨੂੰ ਮੈਰਿਟ ਵਿੱਚ ਆਉਣ ਤੋਂ ਬਾਅਦ ਵੀ ਨੌਕਰੀ ਤੋਂ ਵਾਂਝੇ ਰੱਖਿਆ ਗਿਆ ਜਦਕਿ ਇਹ ਅਸਾਮੀਆਂ ਅੰਗਹੀਣ ਸਾਥੀਆਂ ਵੱਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚੋਂ ਕੋਰਟ ਕੇਸ ਜਿੱਤਣ ਤੋਂ ਬਾਅਦ ਮਿਲੀ ਸੀ।ਇਸ ਤੋਂ ਬਾਅਦ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ 2364 ਅਸਾਮੀਆਂ ਦਿੱਤੀਆਂ ਗਈਆਂ ਜੋ ਕੀ ਸਰਕਾਰ ਦੀ ਗਲਤ ਨੀਤੀਆਂ ਕਾਰਨ ਕੋਰਟ ਨੇ ਰੱਦ ਕਰ ਦਿੱਤੀ ਗਈ, ਜਿਸ ਕਾਰਨ ਅੰਗਹੀਣ ਸਾਥੀ ਨੌਕਰੀ ਤੋਂ ਵਾਂਝੇ ਰਹਿ ਗਏ।ਲਗਾਤਾਰ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ 6635 ਈਟੀਟੀ ਅਸਾਮੀਆਂ ਦਿੱਤੀਆਂ ਗਈਆਂ ਜਿਸ ਵਿੱਚ ਅੰਗਹੀਣ ਕੈਟਾਗਰੀ ਦਾ 4% ਰਾਖਵਾਂਕਰਨ ਨਿਰਧਾਰਤ ਕੀਤਾ ਗਿਆ, ਇਸ 4% ਕੋਟੇ ਵਿੱਚੋਂ ਲਗਭਗ 115 ਦੇ ਕਰੀਬ ਅਸਾਮੀਆਂ ਪਹਿਲੀ ਸੂਚੀ ਵਿੱਚ ਭਰੀਆਂ ਜਾ ਚੁੱਕੀਆਂ ਹਨ ਅਤੇ 150 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ।
ਇਸ ਸੰਬੰਧ ਵਿੱਚ ਆਗੂ ਪ੍ਰਿਥਵੀ ਵਰਮਾ ਨੇ ਕਿਹਾ ਕੀ 6635 ਈਟੀਟੀ ਅਸਾਮੀਆਂ ਵਿੱਚ 4% ਕੋਟੇ ਦਾ ਬੈਕਲਾਗ ਨਾ ਰੱਖਿਆ ਜਾਵੇ, ਇਸ ਨੂੰ ਨੌਕਰੀ ਤੋਂ ਵਾਂਝੇ ਰਹਿੰਦੇ ਅੰਗਹੀਣ ਸਾਥੀਆਂ ਦੀ ਤੁਰੰਤ ਸਕਰੂਟਨੀ ਕਰਵਾ ਕੇ ਭਰਿਆ ਜਾਵੇ ਤਾਂ ਜੋ ਪੜ੍ਹੇ ਲਿਖੇ ਅੰਗਹੀਣ ਸਾਥੀਆਂ ਨੂੰ ਨੌਕਰੀ ਮਿਲ ਸਕੇ ਤੇ ਉਹਨਾਂ ਦੇ ਘਰਾਂ ਵਿੱਚ ਰੌਣਕ ਆ ਸਕੇ। ਦੂਜੀ ਮੰਗ 6635 ਈਟੀਟੀ ਵਿੱਚ ਅੰਗਹੀਣ ਸਾਥੀਆਂ ਨੂੰ ਆਪਣੇ ਘਰਾਂ ਤੋਂ 200-300 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ ਹਨ ਜੋ ਕੀ ਅੰਗਹੀਣ ਸਾਥੀਆਂ ਨਾਲ ਬਹੁਤ ਵੱਡਾ ਧੱਕਾ ਹੈ, ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਅੰਗਹੀਣ ਸਾਥੀਆਂ ਦਾ ਬਦਲੀ ਦਾ ਤੁਰੰਤ ਪੋਰਟਲ ਖੋਲ ਕਰਕੇ ਉਹਨਾਂ ਦੀ ਬਦਲੀ ਘਰਾਂ ਦੇ ਨੇੜਲੇ ਸਕੂਲ ਵਿੱਚ ਕੀਤੀ ਜਾਵੇ ਤਾਂ ਜੋ ਅੰਗਹੀਣਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਵੱਲ ਸਰਕਾਰ ਤੁਰੰਤ ਧਿਆਨ ਨਹੀਂ ਦਿੰਦੀ ਤਾਂ 18 ਅਗਸਤ ਤੋਂ ਮੁੱਖ ਮੰਤਰੀ ਦੀ ਕੋਠੀ ਚੰਡੀਗੜ੍ਹ ਅੱਗੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅੰਗਹੀਣਾਂ ਵੱਲੋਂ ਅਣਮਿੱਥੇ ਸਮੇਂ ਲਈ ਸਮੂਹਿਕ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।