ਪੁਲਿਸ ਅਤੇ ਸਿਹਤ ਵਿਭਾਗ ਨੂੰ ਤੁਰੰਤ ਸ਼ਿਕਾਇਤ ਕਰਨ ਦੁਕਾਨਦਾਰ : ਸਿਵਲ ਸਰਜਨ
ਐਸ.ਏ.ਐਸ ਨਗਰ : ਜ਼ਿਲ੍ਹਾ ਸਿਹਤ ਵਿਭਾਗ ਨੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲੇ ਦੁਕਾਨਦਾਰਾਂ, ਹਲਵਾਈਆਂ, ਕਰਿਆਨਾ ਦੁਕਾਨਦਾਰਾਂ, ਸਬਜ਼ੀ/ਫੱਲ ਵਿਕਰੇਤਾਵਾਂ, ਦੋਧੀਆਂ ਅਤੇ ਹੋਰ ਫ਼ੂਡ ਬਿਜ਼ਨਸ ਆਪਰੇਟਰਜ਼ (ਐਫ਼.ਬੀ.ਓ.) ਨੂੰ ਰਿਸ਼ਵਤ ਦੀ ਮੰਗ ਕਰਨ ਵਾਲੇ ਮਾੜੇ ਅਨਸਰਾਂ ਵਿਰੁਧ ਚੌਕਸ ਕੀਤਾ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ) ਡਾ. ਸੁਭਾਸ਼ ਕੁਮਾਰ ਨੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਮਾੜੇ ਅਨਸਰ ਖ਼ੁਦ ਨੂੰ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਅਫ਼ਸਰ (ਐਫ਼.ਐਸ.ਓ) ਦੱਸ ਕੇ ਦੁਕਾਨਦਾਰਾਂ ਕੋਲੋਂ ਸੈਂਪਲ ਭਰਨ ਅਤੇ ਚਾਲਾਨ ਕੱਟਣ ਦੇ ਨਾਮ ’ਤੇ ਰਿਸ਼ਵਤ ਦੀ ਮੰਗ ਕਰ ਰਹੇ ਹਨ। ਅਜਿਹਾ ਕੁਝ ਹਾਲ ਹੀ ਵਿਚ ਮੁਕਤਸਰ ਅਤੇ ਬਠਿੰਡਾ ਜਿਲ੍ਹਿਆ ਵਿਚ ਵਾਪਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਦੁਕਾਨਾਂ ਵਿਚ ਕੰਮ ਕਰਦੇ ਵਰਕਰਾਂ ਦਾ ਮੈਡੀਕਲ ਫ਼ਿਟਨੈਸ ਸਰਟੀਫ਼ੀਕੇਟ ਬਣਾਉਣ ਦੇ ਨਾਮ ’ਤੇ ਵੀ ਰਿਸ਼ਵਤ ਦੀ ਮੰਗ ਕਰ ਰਹੇ ਹਨ ਜਦਕਿ ਇਹ ਸਰਟੀਫ਼ੀਕੇਟ ਜ਼ਿਲ੍ਹਾ ਜਾਂ ਸਬ-ਡਵੀਜ਼ਨਲ ਸਿਵਲ ਹਸਪਤਾਲ ਦਾ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਹੀ ਬਣਾ ਸਕਦਾ ਹੈ।
ਸਿਹਤ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਅਜਿਹੇ ਜਾਅਲੀ ਅਫ਼ਸਰਾਂ ਤੋਂ ਬਚਣ ਲਈ ਚੌਕਸ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਅਜਿਹਾ ਕੋਈ ਵਿਅਕਤੀ ਫ਼ੋਨ ਕਰਦਾ ਹੈ ਜਾਂ ਉਨ੍ਹਾਂ ਤਕ ਪਹੁੰਚ ਕਰਦਾ ਹੈ ਤਾਂ ਤੁਰੰਤ ਪੁਲਿਸ ਜਾਂ ਸਿਹਤ ਵਿਭਾਗ ਕੋਲ ਸ਼ਿਕਾਇਤ ਕੀਤੀ ਜਾਵੇ। ਉੁਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਆਗਾਮੀ ਸੀਜ਼ਨ ਦਾ ਫ਼ਾਇਦਾ ਲੈ ਕੇ ਇਹ ਲੋਕ ਦੁਕਾਨਦਾਰਾਂ ਨੂੰ ਗੁਮਰਾਹ ਕਰ ਕੇ ਰਿਸ਼ਵਤ ਦੀ ਮੰਗ ਕਰ ਰਹੇ ਹਨ। ਡਾ. ਸੁਭਾਸ਼ ਕੁਮਾਰ ਨੇ ਕਿਹਾ, ‘ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਮ ’ਤੇ ਦੁਕਾਨਦਾਰਾਂ ਕੋਲੋਂ ਰਿਸ਼ਵਤ ਦੀ ਮੰਗ ਕਰਨਾ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ। ਰਿਸ਼ਵਤ ਮੰਗੇ ਜਾਣ ਦੀ ਹਾਲਤ ਵਿਚ ਦੁਕਾਨਦਾਰ ਮੇਰੇ ਨਾਲ ਫ਼ੋਨ ਨੰ. 98766 43047 ’ਤੇ ਸੰਪਰਕ ਕਰ ਕੇ ਸ਼ਿਕਾਇਤ ਕਰ ਸਕਦੇ ਹਨ।’
ਡਾ. ਸੁਭਾਸ਼ ਨੇ ਦੁਹਰਾਇਆ ਕਿ ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਹਰ ਦੁਕਾਨਦਾਰ ਜਾਂ ਰੇਹੜੀ-ਫੜ੍ਹੀ ਵਾਲੇ ਲਈ ਵੀ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਅਤੇ ਲਾਇਸੰਸ ਬਣਵਾਉਣਾ ਲਾਜ਼ਮੀ ਹੈ, ਜਿਸ ਵਾਸਤੇ ਸਿਹਤ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਕਿਉਂਕਿ ਇਹ ਪੂਰੀ ਤਰ੍ਹਾਂ ਆਨਲਾਈਨ ਪ੍ਰਕਿ੍ਰਆ ਹੈ। ਵਿਭਾਗ ਦੀ ਵੈਬਸਾਈਟ www.foscos.fssai.gov.in ’ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਫ਼ੂਡ ਸੇਫ਼ਟੀ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਿਰਫ਼ ਸਰਕਾਰੀ ਫ਼ੀਸ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰ ਇਸ ਸਬੰਧ ’ਚ ਪੁੱਛਗਿਛ ਕਰਨ ਲਈ ਉਨ੍ਹਾਂ ਦੇ ਦਫ਼ਤਰ ਆਉਂਦੇ ਹਨ ਜਦਕਿ ਉਹ ਉਨ੍ਹਾਂ ਦੇ ਫ਼ੋਨ ਨੰਬਰ ’ਤੇ ਅਜਿਹੀ ਜਾਣਕਾਰੀ ਲੈ ਸਕਦੇ ਹਨ।