ਪਟਿਆਲਾ : Punjabi University Patiala ਵਿਖੇ 'ਪੰਜਾਬ ਡਾਇਲੌਗਜ਼' ਸਿਰਲੇਖ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਇਹ ਪ੍ਰੋਗਰਾਮ 'ਸਾਂਝੀ ਸਿੱਖਿਆ' ਫਾਊਂਡੇਸ਼ਨ ਅਤੇ 'ਮੰਤਰਾ ਸੋਸ਼ਲ ਸਰਵਿਸਿਜ਼' ਦੇ ਸਹਿਯੋਗ ਨਾਲ਼ ਕਰਵਾਇਆ ਗਿਆ।
ਸ਼ਹੀਦ ਉੱਧਮ ਸਿੰਘ ਨੂੰ ਸਮਰਪਿਤ ਇਹ ਪ੍ਰੋਗਰਾਮ ਈ. ਐੱਮ. ਆਰ. ਸੀ. ਆਡੀਟੋਰੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਵਿਸ਼ਵ ਪ੍ਰਸਿੱਧ ਫ਼ਰਮ ਇਨਫ਼ੋਸਿਸ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀ.ਈ.ਓ. ਅਤੇ ਐਮ.ਡੀ. ਸ੍ਰੀ ਐਸ.ਡੀ. ਸਿ਼ੱਬੂਲਾਲ , ਅਦਵੈਤ ਫਾਊਂਡੇਸ਼ਨ ਦੀ ਸੰਸਥਾਪਕ ਕੁਮਾਰੀ ਸਿ਼ੱਬੂਲਾਲ ਅਤੇ ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਇਸ ਮੌਕੇ ਹੋਏ ਸੰਵਾਦ ਵਿੱਚ ਸਿ਼ਰਕਤ ਕੀਤੀ ਗਈ।
ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਡਾ. ਅਰਚਨਾ ਮਹਾਜਨ, ਡੀ.ਆਈ.ਈ.ਟੀ. ਪ੍ਰਿੰਸੀਪਲ ਸੰਦੀਪ ਨਾਗਰ, ਉਪ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਰਵਿੰਦਰਪਾਲ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਥਾਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਸਾਂਝੀ ਸਿੱਖਿਆ' ਟੀਮ ਦੇ ਮੈਂਬਰ, ਨੌਜਵਾਨ ਆਗੂ ਅਤੇ ਅਧਿਆਪਕ ਸ਼ਾਮਲ ਹੋਏ। ਇਹ ਸਮੁੱਚਾ ਪ੍ਰੋਗਰਾਮ 'ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਸਿੱਖਿਆ ਲੀਡਰਸਿ਼ਪ ਦਾ ਪ੍ਰਭਾਵ' ਵਿਸ਼ੇ ਉੱਤੇ ਕੇਂਦਰਿਤ ਰਿਹਾ। ਸਮਾਗਮ ਦੀ ਸ਼ੁਰੂਆਤ 'ਸਾਂਝੀ ਸਿੱਖਿਆ' ਦੀ ਟੀਮ ਦੇ ਮੈਂਬਰਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਪ੍ਰਭਾਵਸ਼ਾਲੀ ਕਹਾਣੀਆਂ ਨਾਲ ਹੋਈ, ਜਿਸ ਨੇ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ। ਨੌਜਵਾਨ ਆਗੂਆਂ ਨੇ ਰੋਜ਼ਾਨਾ ਦਿਹਾੜੀ ਦੀਆਂ ਭੂਮਿਕਾਵਾਂ ਵਿੱਚ ਮਾਪਿਆਂ ਨਾਲ ਕੰਮ ਕਰਨ ਦੀਆਂ ਚੁਣੌਤੀਆਂ ਅਤੇ ਸਕੂਲਾਂ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਉੱਤੇ ਪੇਂਡੂ ਸਿੱਖਿਆ ਸਭਾਵਾਂ ਅਤੇ ਕਲੱਸਟਰ ਅਕਾਦਮਿਕ ਮੀਟਿੰਗਾਂ ਦੇ ਸਕਾਰਾਤਮਕ ਪ੍ਰਭਾਵ ਬਾਰੇ ਚਰਚਾ ਕੀਤੀ।
ਇਸ ਮੌਕੇ ਪੰਜਾਬ ਦੇ ਵਿੱਦਿਅਕ ਵਾਤਾਵਰਣ ਵਿੱਚ ਸਮਾਜਿਕ ਤਬਦੀਲੀਆਂ ਨੂੰ ਸੰਚਾਲਿਤ ਕਰਨ ਵਿੱਚ 'ਸਾਂਝੀ ਸਿੱਖਿਆ' ਸੰਸਥਾ ਦੀ ਭੂਮਿਕਾ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਸੰਸਥਾ ਦੇ ਪੰਜ ਸਾਲਾਂ ਦੇ ਸਫ਼ਰ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲ ਹੋਈ। ਸਮਾਗਮ ਦੌਰਾਨ ਹੋਈ ਪ੍ਰਭਾਵਸ਼ਾਲੀ ਪੈਨਲ ਚਰਚਾ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਮੁੱਲ-ਅਧਾਰਿਤ ਅਤੇ ਸਾਰੇ ਵਰਗਾਂ ਦੀ ਸ਼ਮੂਲੀਅਤ ਵਾਲੀ ਸਿੱਖਿਆ ਲਈ ਪ੍ਰਸ਼ਾਸਨ, ਸਿੱਖਿਆ ਸੰਸਥਾਵਾਂ, ਸਿੱਖਿਆ ਵਿਭਾਗ, ਸਮਾਜ, ਭਾਈਚਾਰੇ ਅਤੇ ਪ੍ਰਸ਼ਾਸਨਿਕ ਢਾਂਚੇ ਦੇ ਸਮੂਹਿਕ ਯਤਨਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ। ਪੈਨਲ ਮੈਂਬਰਾਂ ਨੇ ਪੰਜਾਬ ਦੇ ਵਿੱਦਿਅਕ ਵਾਤਾਵਰਣ ਅਤੇ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੀ ਯੋਗਤਾ ਨੂੰ ਇੱਕ ਵੱਡੀ ਤਾਕਤ ਵਜੋਂ ਉਜਾਗਰ ਕਰਦੇ ਹੋਏ ਇਸ ਸੰਬੰਧੀ ਗੁਣਾਂ, ਚੁਣੌਤੀਆਂ ਅਤੇ ਮਿਆਰੀ ਸਿੱਖਿਆ ਲਈ ਲੋੜੀਂਦੀਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਵਿਚਾਰ-ਵਟਾਂਦਰੇ ਵਿੱਚ ਸਮਰੱਥਾ ਨਿਰਮਾਣ ਨੂੰ ਵਧਾਉਣਾ, ਸਕੂਲ ਛੱਡਣ ਵਾਲਿਆਂ ਨੂੰ ਵਿਦਿਆਰਥੀ ਵਜੋਂ ਬਰਕਰਾਰ ਰੱਖਣਾ, ਸਿੱਖਣ ਪ੍ਰਕਿਰਿਆ ਵਿੱਚ ਸਮਾਜ ਦੀ ਸ਼ਮੂਲੀਅਤ ਅਤੇ ਸਿਸਟਮ ਦੇ ਪਰਿਵਰਤਨ ਲਈ ਡਾਇਟਸ ਸੰਸਥਾਵਾਂ ਨੂੰ ਮਜ਼ਬੂਤ ਕਰਨ ਬਾਰੇ ਵੱਖ-ਵੱਖ ਪਹਿਲੂਆਂ ਉੱਤੇ ਗੱਲਬਾਤ ਕੀਤੀ ਗਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੀ ਸਮਾਪਤੀ ਟਿੱਪਣੀ ਦੌਰਾਨ ਦਰਸ਼ਕਾਂ ਨੂੰ ਸਿੱਖਿਆ ਦੀ ਅਗਵਾਈ ਅਤੇ ਸਿੱਖਣ ਦੇ ਨਤੀਜਿਆਂ ਵਿੱਚ ਆਪੋ ਆਪਣੇ ਪੱਧਰ ਉੱਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।