Friday, September 20, 2024

Malwa

ਲੋਕ ਮੁਲਕ ਦੇ ਖਜ਼ਾਨੇ ਲੁੱਟਣ ਵਾਲਿਆਂ ਨੂੰ ਉਖਾੜ ਸੁੱਟਣ ਲਈ ਆਜ਼ਾਦੀ ਦੀ ਇਕ ਹੋਰ ਲਹਿਰ ਚਲਾਉਣ : ਭਗਵੰਤ ਮਾਨ

August 01, 2023 12:05 PM
SehajTimes

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਬਰਤਾਨਵੀ ਹਕੂਮਤ ਕੋਲੋਂ ਆਜ਼ਾਦ ਹੋਣ ਤੋਂ ਬਾਅਦ ਮੁਲਕ ਦੇ ਖਜ਼ਾਨੇ ਲੁੱਟਣ ਵਾਲਿਆਂ ਨੂੰ ਉਖਾੜ ਸੁੱਟਣ ਲਈ ਆਜ਼ਾਦੀ ਦੀ ਇਕ ਹੋਰ ਲਹਿਰ ਚਲਾਉਣ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਵੇਂ ਦੇਸ਼ ਨੇ 1947 ਵਿੱਚ ਬਰਤਾਨਵੀ ਹਾਕਮਾਂ ਦੀ ਗੁਲਾਮੀ ਤੋਂ ਆਜ਼ਾਦੀ ਹਾਸਲ ਕਰ ਲਈ ਸੀ ਪਰ ਦੇਸ਼ ਭਗਤਾਂ ਅਤੇ ਮਹਾਨ ਸ਼ਹੀਦਾਂ ਦੇ ਸੁਪਨੇ ਕਦੇ ਵੀ ਸਾਕਾਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬੇ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟਿਆ ਅਤੇ ਉਨ੍ਹਾਂ ਉਤੇ ਬੇਰਿਹਮੀ ਨਾਲ ਜ਼ੁਲਮ ਢਾਹਿਆ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਜਾਬਰ ਲੀਡਰਾਂ ਨੂੰ ਬਾਹਰ ਦਾ ਰਾਹ ਦਿਖਾਇਆ ਜਾਵੇ ਜਿਸ ਲਈ ਆਜ਼ਾਦੀ ਦੇ ਸੰਘਰਸ਼ ਦੀ ਦੂਜੀ ਲਹਿਰ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਆਜ਼ਾਦੀ ਸੰਘਰਸ਼ ਵਿਚ ਮਹਿਲਾਂ ਜਾਂ ਆਲੀਸ਼ਾਨ ਘਰਾਂ ਵਿਚ ਰਹਿਣ ਵਾਲਿਆਂ ਜਾਂ ਆਪਣੇ ਆਪ ਨੂੰ ‘ਕਾਕਾ ਜੀ’ ਤੇ ‘ਬੀਬਾ ਜੀ’ ਕਹਾਉਣ ਵਾਲਿਆਂ ਨੂੰ ਸਿਆਸੀ ਤੌਰ ’ਤੇ ਗੁੰਮਨਾਮੀ ਵਿਚ ਧੱਕ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਇਹੀ ਮੰਗ ਕਰਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਹੀ ਸ਼ਹੀਦਾਂ ਦੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ ਅਤੇ ਸਭ ਲਈ ਬਰਾਬਰ ਅਧਿਕਾਰਾਂ ਵਾਲੇ ਭਾਰਤ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਮੌਕਾਪ੍ਰਸਤ ਨੇਤਾ ਕਦੇ ਵੀ ਲੋਕਾਂ ਦੇ ਪੱਖ ਵਿੱਚ ਨਹੀਂ ਖੜ੍ਹੇ ਸਗੋਂ ਇਹ ਲੋਕ ਉਸੇ ਧਿਰ ਦੇ ਕਲਾਵੇ ਵਿਚ ਚਲੇ ਜਾਂਦੇ ਹਨ, ਜਿੱਥੇ ਏਨਾ ਦਾ ਆਪਣਾ ਫਾਇਦਾ ਹੁੰਦਾ ਹੋਵੇ, ਚਾਹੇ ਮੁਗਲ ਸ਼ਾਸ਼ਕ ਹੋਣ, ਬਰਤਾਨਵੀ ਹਾਕਮ, ਕਾਂਗਰਸ ਅਤੇ ਚਾਹੇ ਭਾਜਪਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਹਮੇਸ਼ਾ ਸੂਬੇ ਅਤੇ ਇਸ ਦੇ ਲੋਕਾਂ ਨਾਲੋਂ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ, “ਹਾਲ ਹੀ ਵਿੱਚ ਭਾਜਪਾ ਦੇ ਇਕ ਵਫ਼ਦ ਜਿਸ ਨੇ ਕੁਝ ਮੁੱਦਿਆਂ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ, ਵਿੱਚ ਉਹ ਸਾਰੇ ਦਲ-ਬਦਲੂ ਸ਼ਾਮਲ ਸਨ ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਭਾਜਪਾ ਦਾ ਕੋਈ ਵੀ ਪੁਰਾਣਾ ਨੇਤਾ ਇਸ ਵਫ਼ਦ ਦਾ ਹਿੱਸਾ ਨਹੀਂ ਸੀ ਜਿਸ ਦੀ ਅਗਵਾਈ ਭਗਵਾਂ ਪਾਰਟੀ ਦੇ ਨਵੇਂ ਪ੍ਰਧਾਨ ਕਰ ਰਹੇ ਸਨ। ਇੱਥੋਂ ਤੱਕ ਕਿ ਵਫ਼ਦ ਦੀ ਅਗਵਾਈ ਸੁਨੀਲ ਜਾਖੜ ਨੇ ਕੀਤੀ, ਜੋ ਖੁਦ ਕਿਸੇ ਸਮੇਂ ਸੂਬਾ ਕਾਂਗਰਸ ਦੇ ਪ੍ਰਧਾਨ ਸਨ ਪਰ ਹਾਲ ਹੀ ਵਿੱਚ ਇਸ ਅਹੁਦੇ ਲਈ ਆਪਣੀ ਵਫ਼ਾਦਾਰੀ ਬਦਲ ਚੁੱਕੇ ਹਨ।” ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਲੋਕਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਤਾਂ ਕਿ ਬਾਕੀਆਂ ਨੂੰ ਵੀ ਸਬਕ ਮਿਲ ਸਕੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਸਾਲ 2022 ਵਿੱਚ ਸੂਬੇ ਵਿੱਚ ਆਮ ਆਦਮੀ ਦੀ ਸਰਕਾਰ ਬਣਨ ਨਾਲ ਇਸ ਲਹਿਰ ਨੂੰ ਦੇਖ ਚੁੱਕਾ ਹੈ। ਇੱਕ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਿਨ੍ਹਾਂ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਲਿਆਂਦਾ ਸੀ, ਖ਼ਿਲਾਫ਼ ਵੀ ਬੇਨਿਯਮੀਆਂ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਜਾ ਕੇ ਸੂਬੇ ਦੀ ਸੇਵਾ ਕਰਨ ਦੀ ਸਹੁੰ ਚੁੱਕੀ ਸੀ ਪਰ ਉਹ ਆਪਣਾ ਵਾਅਦਾ ਪੂਰਾ ਕਰਨ ਦੀ ਬਜਾਏ ਇਸ ਨੂੰ ਭੁੱਲ ਗਏ ਅਤੇ ਅਹੁਦੇ ਦੀ ਖਾਤਰ ਪਹਿਲਾਂ ਕਾਂਗਰਸ ਵਿੱਚ ਅਤੇ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਸੂਬੇ ਦੇ ਲੋਕਾਂ ਨਾਲ ਗੱਦਾਰੀ ਕਰਦਾ ਹੈ, ਉਸ ਨੂੰ ਆਪਣੇ ਗੁਨਾਹਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਖਜ਼ਾਨਾ ਪਹਿਲਾਂ ਵਾਂਗ ਹੁਣ ਖਾਲੀ ਨਹੀਂ ਰਿਹਾ ਸਗੋਂ ਇਸ ਵਿੱਚੋਂ ਇੱਕ-ਇੱਕ ਪੈਸਾ ਆਮ ਆਦਮੀ ਦੀ ਭਲਾਈ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵਿਆਪਕ ਵਿਕਾਸ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਵਿਸ਼ਵ ਭਰ ਵਿੱਚ ਮੋਹਰੀ ਸੂਬਾ ਬਣ ਕੇ ਉਭਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਸ਼ੇਸ਼ ਗਿਰਦਾਵਰੀ ਨੂੰ 15 ਅਗਸਤ ਤੱਕ ਹਰ ਹੀਲੇ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ, “ਸਾਡੀ ਸਰਕਾਰ ਹੜ੍ਹਾਂ ਵਿਚ ਹੋਏ ਨੁਕਸਾਨ ਲਈ ਲੋਕਾਂ ਨੂੰ ਮੁਆਵਜ਼ਾ ਜ਼ਰੂਰ ਦੇਵੇਗੀ, ਭਾਵੇਂ ਉਨ੍ਹਾਂ ਦੀ ਇੱਕ ਮੁਰਗੀ ਜਾਂ ਬੱਕਰੀ ਦਾ ਦੀ ਨੁਕਸਾਨ ਹੋਇਆ ਹੋਵੇ।” ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਤੋਂ ਭੀਖ ਨਹੀਂ ਮੰਗੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਲੋਕਾਂ ਨੂੰ ਇਸ ਗੰਭੀਰ ਸੰਕਟ ਵਿੱਚੋਂ ਕੱਢਣ ਲਈ ਲੋੜੀਂਦੇ ਸਾਧਨ ਮੌਜੂਦ ਹਨ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹ ਪੀੜਤਾਂ ਲਈ ਕੇਂਦਰ ਸਰਕਾਰ ਤੋਂ ਇਕ ਪੈਸਾ ਵੀ ਨਹੀਂ ਮੰਗੇਗੀ। ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੁਨਾਮ ਦੀ ਇਸ ਪਵਿੱਤਰ ਧਰਤੀ 'ਤੇ ਸਿਰ ਝੁਕਾਉਂਦੇ ਹਨ ਜਿੱਥੇ ਇਸ ਧਰਤੀ ਦੇ ਮਹਾਨ ਪੁੱਤਰ ਨੇ ਜਨਮ ਲਿਆ ਸੀ। ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਇਲਾਕੇ ਦੇ ਅਧਿਆਪਕਾਂ ਨਾਲ ਆਪਣੀ ਲੰਮੀ ਸਾਂਝ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਬਚਪਨ ਵਿੱਚ ਆਪਣੇ ਪਿਤਾ ਨਾਲ ਇਸ ਸਥਾਨ 'ਤੇ ਸ਼ਹੀਦ ਨੂੰ ਸਿਜਦਾ ਕਰਨ ਆਉਂਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਮਹਾਨ ਸਪੂਤ ਸੀ, ਜਿਸ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਮੁੱਖ ਦੋਸ਼ੀ ਮਾਈਕਲ ਓ ਡਵਾਇਰ ਨੂੰ ਸ਼ਹੀਦ ਕਰਕੇ ਬਹਾਦਰੀ ਦਾ ਸਬੂਤ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਆਜ਼ਾਦੀ ਸੰਘਰਸ਼ ਵਿਚ ਇਸ ਮਹਾਨ ਨਾਇਕ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਨੇ ਦੇਸ਼ ਨੂੰ ਬਰਤਾਨਵੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤ ਹੋਣ ਵਿੱਚ ਮਦਦ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਉਹ ਜਦੋਂ ਵੀ ਲੰਡਨ ਜਾਂਦੇ ਸਨ ਤਾਂ ਉਹ ਕੈਕਸਟਨ ਹਾਲ ਵਿੱਚ ਜ਼ਰੂਰ ਜਾਂਦੇ ਸੀ ਜਿੱਥੇ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਹਾਲ ਸਾਡੇ ਸਾਰਿਆਂ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਨੂੰ ਸ਼ਹੀਦ ਦੀ ਵੀਰ ਗਾਥਾ ਦੀ ਯਾਦ ਦਿਵਾਉਂਦਾ ਹੈ ਜੋ ਸਾਡੀਆਂ ਨੌਜਵਾਨ ਪੀੜ੍ਹੀਆਂ ਲਈ ਜਬਰ- ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰ ਵੀ ਹਾਜ਼ਰ ਸਨ।

Have something to say? Post your comment

 

More in Malwa

ਅਗਾਮੀ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਹੁਣ ਤੋਂ ਹੀ ਅਰੰਭੀਆਂ ਜਾਣ-ਡਾ. ਸੋਨਾ ਥਿੰਦ

ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਐਕਸੀਅਨ ਗੁਪਤਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ,ਸਾਫ ਸਫਾਈ ਆਦਿ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਮਾਲੇਰਕੋਟਲਾ ਪੁਲਿਸ ਦੇ ਥਾਣਾ ਸ਼ਹਿਰੀ 1 ਦੀ ਲੋਕਾਂ ਨੇ ਰੱਜ ਕੇ ਕੀਤੀ ਸਲਾਘਾ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜਾ 

ਵਿੱਤੀ ਸਾਲ 2024-25 ਦੌਰਾਨ ਉਦਯੋਗਿਕ ਨਿਤੀ-2017 ਅਧੀਨ FCI ਵੈਰੀਫਿਕੇਸ਼ਨ ਐਂਡ ਬਿਜਲੀ ਡਿਊਟੀ ਛੋਟ ਲਈ ਪੰਜ ਉਦਯੋਗਿਕ ਯੂਨਿਟਾਂ ਨੂੰ ਦਿੱਤੀ ਜਾ ਚੁੱਕੀ ਹੈ ਪ੍ਰਵਾਨਗੀ : ਡਾ ਪੱਲਵੀ

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ