ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ‘ਚ ਸੋਮਵਾਰ ਨੂੰ ਐਮਰਜੈਂਸੀ ਵਾਰਡ ਨੇੜੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਸਵੇਰੇ ਕਰੀਬ 11.54 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। ਵਾਰਡ ਦੇ ਮਰੀਜ਼ਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਅੱਗ ਪੁਰਾਣੀ ਓਪੀਡੀ ਦੀ ਦੂਜੀ ਮੰਜ਼ਿਲ ‘ਤੇ ਐਮਰਜੈਂਸੀ ਵਾਰਡ ਦੇ ਉਪਰਲੇ ਐਂਡੋਸਕੋਪੀ ਕਮਰੇ ‘ਚ ਲੱਗੀ। ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਦੇ ਧੂੰਏਂ ਦੇ ਗੁਬਾਰ ਉੱਪਰ ਉੱਠਦੇ ਦੇਖੇ ਗਏ। ਏਮਜ਼ ਦੀ ਇਮਾਰਤ ਦੇ ਇਕ ਕਮਰੇ ‘ਚੋਂ ਨਿਕਲ ਰਹੇ ਧੂੰਏਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਮਰੀਜ਼ਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ। ਏਮਜ਼ ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਉਥੋਂ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਸਖ਼ਤ ਮਿਹਨਤ ਤੋਂ ਬਾਅਦ ਏਮਜ਼ ਦੀ ਇਮਾਰਤ ਵਿੱਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ ਅੱਗ ਲੱਗਣ ਕਾਰਨ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਮਜ਼ ਦੇ ਡਾਇਰੈਕਟਰ ਐਮ ਸ੍ਰੀਨਿਵਾਸ ਵੀ ਮੌਕੇ ‘ਤੇ ਪਹੁੰਚ ਗਏ ਸਨ।