ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿਖੇ ਪੰਜਾਬ ਦੇ ਨੌਜਵਾਨਾਂ ਅਤੇ ਬਾਲਗਾਂ ਵਿੱਚ ਖੁਦਕੁਸ਼ੀ ਵਾਲੇ ਖਿ਼ਆਲ ਆਉਣ ਦੀ ਸਥਿਤੀ ਅਤੇ ਇਸ ਸਥਿਤੀ ਨਾਲ਼ ਨਜਿੱਠਣ ਵਿੱਚ ਡੀ.ਬੀ.ਟੀ. ਵਜੋਂ ਜਾਣੀ ਜਾਂਦੀ ਡਾਇਲੈਕਟੀਕਲ ਬਿਹੇਵੀਅਰ ਥੈਰੇਪੀ ਦੀ ਪ੍ਰਭਾਵਸ਼ੀਲਤਾ ਬਾਰੇ ਖੋਜ ਕੀਤੀ ਗਈ। ਖੋਜ ਨਿਗਰਾਨ ਡਾ. ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਖੋਜਾਰਥੀ ਅਮਨਦੀਪ ਸਿੰਘ ਵੱਲੋਂ ਕੀਤੀ ਇਸ ਖੋਜ ਨੂੰ ਨੂੰ ਦੋ ਕੌਮਾਂਤਰੀ ਪੱਧਰ ਦੇ ਐਵਾਰਡ ਵੀ ਪ੍ਰਾਪਤ ਹੋ ਚੁੱਕੇ ਹਨ ਅਤੇ ਉੱਤਰੀ ਆਇਰਲੈਂਡ ਵਿਖੇ ਹੋਈ ਇੰਟਰਨੈਸ਼ਨਲ ਸੂਸਾਈਡਲ ਆਈਡੇਸ਼ਨ ਐਸੋਸੀਏਸ਼ਨ ਕਾਨਫ਼ਰੰਸ ਵਿੱਚ ਵਿਸ਼ੇਸ਼ ਸ਼ਲਾਘਾ ਵੀ ਪ੍ਰਾਪਤ ਹੋਈ ਹੈ।
ਖੋਜ ਨਿਗਰਾਨ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਖੋਜ ਦੌਰਾਨ ਪੰਜਾਬ ਦੇ 18 ਜਿ਼ਲ੍ਹਿਆਂ ਵਿੱਚੋਂ 100 ਅਜਿਹੇ ਨੌਜਵਾਨਾਂ ਨੂੰ ਇਹ ਥੈਰੇਪੀ ਦਿੱਤੀ ਗਈ ਜਿਨ੍ਹਾਂ ਵਿੱਚ ਖ਼ੁਦਕੁਸ਼ੀ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਖਿ਼ਆਲਾਂ ਦੀ ਆਮਦ ਬਾਰੇ ਨਿਸ਼ਾਨਦੇਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਖੋਜ ਦੇ ਪਹਿਲੇ ਪੜਾਅ ਦੌਰਾਨ ਮਨੋਸਥਿਤੀ ਦੇ ਵੱਖ-ਵੱਖ ਲੱਛਣਾਂ ਬਾਰੇ ਅਧਿਐਨ ਕੀਤਾ ਗਿਆ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਖਿ਼ਆਲ ਆਉਣ ਵਾਲੀ ਮਾਨਸਿਕ ਸਥਿਤੀ ਨਾਲ਼ ਜੋੜ ਕੇ ਵੇਖਿਆ ਜਾ ਸਕਦਾ ਸੀ। ਇਸ ਤਰ੍ਹਾਂ ਵੱਖ-ਵੱਖ ਮਿਆਰਾਂ ਅਤੇ ਕਸੌਟੀਆਂ ਰਾਹੀਂ ਪਰਖ ਉਪਰੰਤ ਅਜਿਹੇ ਵਿਚਾਰਾਂ ਦੀ ਗ੍ਰਿਫ਼ਤ ਵਿੱਚ ਆਏ ਲੋਕਾਂ ਦੀ ਪਛਾਣ/ਨਿਸ਼ਾਨਦੇਹੀ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਥੈਰੇਪੀ ਲਈ ਚੁਣਿਆ ਗਿਆ। ਥੈਰੇਪੀ ਉਪਰੰਤ ਉਨ੍ਹਾਂ ਦੀ ਮਾਨਸਿਕ ਸਥਿਤੀ ਵਿੱਚ ਸੁਧਾਰ ਹੋਣ ਬਾਰੇ ਅੰਕੜੇ ਇਕੱਠੇ ਕੀਤੇ ਗਏ ਅਤੇ ਉਨ੍ਹਾਂ ਨੂੰ 50 ਹੋਰ ਅਜਿਹੇ ਨੌਜਵਾਨਾਂ ਦੇ ਅੰਕੜਿਆਂ ਨਾਲ਼ ਮੇਲ ਕੇ ਵੇਖਿਆ ਗਿਆ ਜਿਨ੍ਹਾਂ ਨੂੰ ਹਾਲੇ ਇਹ ਥੈਰੇਪੀ ਨਹੀਂ ਦਿੱਤੀ ਗਈ ਸੀ। ਦੋਹਾਂ ਵਰਗਾਂ ਦੇ ਅੰਕੜਿਆਂ ਦੇ ਤੁਲਨਾਤਮਕ ਵਿਸ਼ਲੇਸ਼ਣ ਵਿੱਚੋਂ ਜੋ ਨਤੀਜੇ ਉੱਘੜ ਕੇ ਸਾਹਮਣੇ ਆਏ ਉਹ ਸਪਸ਼ਟ ਕਰਦੇ ਹਨ ਕਿ ਡੀ.ਬੀ. ਥੈਰੇਪੀ ਦੀ ਵਰਤੋਂ ਅਜਿਹੇ ਕੇਸਾਂ ਵਿੱਚ ਨਿਸ਼ਚੇ ਹੀ ਪ੍ਰਭਾਵਸ਼ੀਲ ਹੋ ਸਕਦੀ ਹੈ।
ਖੋਜਾਰਥੀ ਅਮਨਦੀਪ ਸਿੰਘ ਨੇ ਦੱਸਿਆ ਕਿ ਚੁਣੇ ਗਏ 100 ਲੋਕਾਂ ਨੂੰ 12 ਸੈਸ਼ਨਾਂ ਰਾਹੀਂ ਡੀ.ਬੀ. ਥੈਰੇਪੀ ਮੁਹਈਆ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਡੀਕ-ਸੂਚੀ ਵਿੱਚ ਸ਼ਾਮਿਲ ਜਿਨ੍ਹਾਂ 50 ਜਣਿਆਂ ਨੂੰ ਥੈਰੇਪੀ ਨਹੀਂ ਦਿੱਤੀ ਗਈ ਸੀ ਉਨ੍ਹਾਂ ਨੂੰ ਵੀ ਬਾਅਦ ਵਿੱਚ ਇਹੋ ਥੈਰੇਪੀ ਦਿੱਤੀ ਗਈ। ਇਸ ਉਪਰੰਤ ਪ੍ਰਾਪਤ ਹੋਏ ਨਤੀਜਿਆਂ ਤੋਂ ਵੀ ਸਪਸ਼ਟ ਹੋ ਗਿਆ ਕਿ ਉਨ੍ਹਾਂ ਦੀ ਮਨੋਸਥਿਤੀ ਵਿੱਚ ਬੇਹੱਦ ਸੁਧਾਰ ਹੋਇਆ ਸੀ ਕਿਉਂਕਿ ਉਨ੍ਹਾਂ ਨੂੰ ਆਉਣ ਵਾਲ਼ੇ ਖੁਦਕੁਸ਼ੀ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਿ਼ਆਲਾਂ ਉੱਤੇ ਕਾਬੂ ਪੈ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਤੋਂ ਪ੍ਰਾਪਤ ਇਸ ਤਰ੍ਹਾਂ ਦੇ ਨਤੀਜਿਆਂ ਉੱਤੇ ਛੇ ਮਹੀਨਿਆਂ ਤੱਕ ਲਗਾਤਾਰ ਨਜ਼ਰ ਰੱਖੀ ਗਈ। ਛੇ ਮਹੀਨੇ ਤੱਕ ਵੀ ਉਨ੍ਹਾਂ ਦੀ ਮਨੋਸਥਿਤੀ ਬਿਹਤਰ ਹਾਲਤ ਵਿੱਚ ਰਹੀ। ਇਸ ਤੋਂ ਸਪਸ਼ਟ ਹੋ ਗਿਆ ਕਿ ਇਸ ਥੈਰੇਪੀ ਦੀ ਮਦਦ ਨਾਲ਼ ਅਜਿਹੀ ਮਾਨਸਿਕ ਸਿਹਤ ਨੂੰ ਠੀਕ ਕੀਤਾ ਜਾ ਸਕਦਾ ਹੈ।