ਬਾਲੀਵੁੱਡ ਅਦਾਕਾਰ ਸੰਨੀ ਦਿਉਲ ਨੂੰ ਗ਼ਦਰ- 2 ਨੇ 18 ਸਾਲ ਬਾਅਦ ਸੁਪਰ ਹਿੱਟ ਫ਼ਿਲਮ ਦਿੱਤੀ । ਐਤਵਾਰ ਨੂੰ ਸੰਨੀ ਦਿਉਲ ਦੇ 56 ਕਰੋੜ ਦੇ ਬੰਗਲੇ ਦੀ ਨਿਲਾਮੀ ਦੇ ਨੋਟਿਸ ਨੇ ਉਨ੍ਹਾਂ ਦੀ ਮਜ਼ੇ ਨੂੰ ਧੁੰਦਲਾ ਕਰ ਦਿੱਤਾ ਸੀ ਪਰ ਹੁਣ ਖ਼ਬਰ ਆ ਰਹੀ ਹੈ ਬੈਂਕ ਆਫ਼ ਬੜੋਦਾ ਨੇ ਨੋਟਿਸ ਨੂੰ ਵਾਪਸ ਲੈ ਲਿਆ ਹੈ । ਬੈਂਕ ਆਫ਼ ਬੜੋਦਾ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਇਹ ਨੋਟਿਸ ਤਕਨੀਕੀ ਕਾਰਨਾਂ ਦੀ ਵਜ੍ਹਾ ਕਰਕੇ ਵਾਪਸ ਲਿਆ ਗਿਆ ਹੈ ਜਿਸ ‘ਤੇ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਟਵੀਟ ਕਰਕੇ ਸਵਾਲ ਚੁੱਕੇ ਹਨ ।
ਸੋਮਵਾਰ ਸਵੇਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਟਵੀਟ ਕਰਦੇ ਹੋਏ ਲਿਖਿਆ ‘ਕੱਲ੍ਹ ਦੁਪਹਿਰ ਨੂੰ ਦੇਸ਼ ਨੂੰ ਪਤਾ ਚੱਲਿਆ ਕਿ ਬੈਂਕ ਆਪ ਬੜੋਦਾ ਨੇ ਬੀਜੇਪੀ ਦੇ ਐੱਮ ਪੀ ਸੰਨੀ ਦਿਉਲ ਦਾ ਜੁਹੂ ਸਥਿਤ ਬੰਗਲਾ ਈ-ਨਿਲਾਮੀ ਦੇ ਲਈ ਰੱਖਿਆ ਹੈ ਕਿਉਂਕਿ ਉਨ੍ਹਾਂ ਨੇ ਬੈਂਕ ਦੇ 56 ਕਰੋੜ ਰੁਪਏ ਨਹੀਂ ਦਿੱਤੇ ਹਨ । ਅੱਜ ਸਵੇਰ 24 ਘੰਟੇ ਤੋਂ ਘੱਟ ਸਮੇਂ ਵਿੱਚ ਦੇਸ਼ ਨੂੰ ਪਤਾ ਲੱਗਿਆ ਹੈ ਕਿ ਬੈਂਕ ਆਫ਼ ਬੜੋਦਾ ਨੇ ਤਕਨੀਕੀ ਕਾਰਨਾਂ ਨਾਲ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਤਕਨੀਕੀ ਕਾਰਨਾਂ ਨੂੰ ਕਿਸੇ ਨੇ ਟ੍ਰਿਗਰ ਕੀਤਾ ?’
ਇਸ ਤੋਂ ਪਹਿਲਾਂ ਐਤਵਾਰ ਨੂੰ ਪਬਲਿਸ਼ ਹੋਏ ਨੋਟਿਸ ਦੇ ਮੁਤਾਬਿਕ ਸੰਨੀ ਦਿਉਲ ਨੇ 56 ਕਰੋੜ ਦਾ ਲੋਨ ਲਿਆ ਸੀ । ਇਸ ਨੂੰ ਵਾਪਸ ਨਹੀਂ ਦਿੱਤਾ ਗਿਆ । ਲੋਨ ਨਾ ਦੇ ਪਾਉਣ ਦੀ ਵਜ੍ਹਾ ਕਰਕੇ 25 ਸਤੰਬਰ ਨੂੰ ਬੰਗਲੇ ਦੀ ਨਿਲਾਮੀ ਦੀ ਤਰੀਕ ਰੱਖੀ ਗਈ ਹੈ। ਬੈਂਕ ਨੇ ਸੰਨੀ ਦੇ ਲੋਨ ਰਿਕਵਰੀ ਦੇ ਨੋਟਿਸ ਦਾ ਵਿਗਿਆਪਨ ਵੀ ਛਾਪਿਆ ਸੀ । ਇਸ ਵਿੱਚ ਸੰਨੀ ਦਿਉਲ ਦੇ ਗਰੰਟਰ ਉਨ੍ਹਾਂ ਦੇ ਪਿਤਾ ਧਰਮਿੰਦਰ ਸਨ ।