ਨਵਾਂਸ਼ਹਿਰ ਦੇ ਨੇੜਲੇ ਪਿੰਡ ਕੁਲਾਮ ਵਿਖੇ ਛੱਪੜ 'ਚ ਨਹਾਉਣ ਗਏ 12 ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬੁੱਧਵਾਰ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਸ਼ਾਮ ਨੂੰ ਪਿੰਡ ਕੁਲਾਮ ਵਿਖੇ ਰਹਿਣ ਵਾਲੇ 2 ਬੱਚੇ ਪਿੰਡ ਦੇ ਛੱਪੜ ’ਚ ਨਹਾਉਣ ਲਈ ਗਏ ਸਨ। ਜਾਣਕਾਰੀ ਮੁਤਾਬਕ ਨਹਾਉਣ ਗਏ ਨੌਜਵਾਨਾਂ ਵਿਚ 4 ਭੈਣਾਂ ਦਾ ਇਕਲੌਤਾ ਭਰਾ ਰੋਹਿਤ (12) ਪੈਰ ਫਿਸਲਣ ਨਾਲ ਡੂੰਘੇ ਖੱਡੇ ਵਿਚ ਫਸ ਜਾਣ ਤੋਂ ਬਾਅਦ ਨਿਕਲ ਨਹੀਂ ਸਕਿਆ ਅਤੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਕਿਸੇ ਤਰ੍ਹਾਂ ਬਾਹਰ ਨਿਕਲਣ ਵਿਚ ਸਫ਼ਲ ਰਿਹਾ।
ਛੱਪੜ ਤੋਂ ਬਾਹਰ ਨਿਕਲਣ ਵਿਚ ਸਫ਼ਲ ਰਹਿਣ ਵਾਲੇ ਕਿਸ਼ੋਰ ਨੇ ਦੱਸਿਆ ਕਿ ਉਸ ਨੇ ਰੋਹਿਤ ਨੂੰ ਡੂੰਘੇ ਪਾਣੀ ਵਿਚ ਨਾ ਜਾਣ ਲਈ ਕਿਹਾ ਸੀ ਕਿ ਪਰ ਉਸ ਨੇ ਕਿਹਾ ਕਿ ਉਸ ਨੂੰ ਤੈਰਨਾ ਆਉਂਦਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਚਾਈਲਡ ਐਂਡ ਵੂਮੈਨ ਸ਼ਹਿਬਾਜ ਸਿੰਘ ਨੇ ਦੱਸਿਆ ਕਿ ਗੋਤਾਖੋਰ ਦੀ ਮਦਦ ਨਾਲ ਉਕਤ ਰੋਹਿਤ ਦੀ ਲਾਸ਼ ਨੂੰ ਬਾਹਰ ਲਿਆ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਰੋਹਿਤ ਦਾ ਪਰਿਵਾਰ ਮੂਲ ਰੂਪ ਵਿਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮ੍ਰਿਤਕ ਦੀ ਮਾਂ ਲੋਕਾਂ ਦੇ ਘਰਾਂ ਦੀ ਸਫ਼ਾਈ ਕਰ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਦੀ ਹੈ।