ਤਾਮਿਲਨਾਡੂ ਵਿਚ ਨੇੜਲੇ ਖੇਤਰ ਮਦੂਰਾਈ ਰੇਲਵੇ ਸਟੇਸ਼ਨ ਦੇ ਕੋਲ ਰੇਲ ਗੱਡੀ ਦੇ ਪਰਾਈਵੇਟ ਕੋਚ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਸਾਜਰੇ ਵਾਪਰੇ ਇਸ ਹਾਦਸੇ ਵਿੱਚ ਯੂ.ਪੀ. ਦੇ 10 ਦੇ ਕਰੀਬ ਤਰੀਥ ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਵੀ ਪ੍ਰਾਪਤ ਹੋਈ ਹੈ ਜਦਕਿ 50 ਦੇ ਕਰੀਬ ਲੋਕਾਂ ਦੇ ਝੁਲਸ ਜਾਣ ਦਾ ਸਮਾਚਾਰ ਵੀ ਹੈ। ਜ਼ਿਕਰਯੋਗ ਹੈ ਕਿ ਇਸ ਪਰਾਈਵੇਟ ਕੋਚ ਵਿੱਚ ਯੂ.ਪੀ. ਦੇ 63 ਦੇ ਕਰੀਬ ਤੀਰਥਯਾਤਰੀ ਸਵਾਰ ਸਨ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਕੋਚ ਪਨਾਲੂਰ-ਮਦੂਰਾਈ ਐਕਸਪ੍ਰੈਸ ਨਾਲ ਜੁੜਿਆ ਹੋਇਆ ਸੀ। ਇਹ ਕੋਚ 17 ਅਗੱਸਤ ਨੂੰ ਲਖਨਊ ਤੋਂ ਭਾਰਤ ਗੌਰਵ ਐਕਸਪ੍ਰੈਸ ਨਾਲ ਜੁੜਕੇ ਦੱਖਣੀ ਭਾਰਤ ਦੇ ਤੀਰਥ ਸਥਾਨਾਂ ਲਈ ਰਵਾਨਾ ਹੋਇਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਜਾਣਕਾਰੀ ਸਵੇਰੇ 5.15 ਦੇ ਨੇੜੇ ਮਿਲੀ ਜਦ ਰੇਲ ਗੱਡੀ ਮਦੂਰਾਈ ਯਾਰਡ ਜੰਕਸ਼ਨ ’ਤੇ ਰੁਕੀ ਹੋਈ ਸੀ ਅਤੇ ਜਾਣਕਾਰੀ ਮਿਲਦਿਆਂ ਹੀ ਫ਼ਾਈਰ ਟੈਂਡਰਾਂ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੁੁੂ ਕਰ ਦਿੱਤਾ ਅਤੇ ਸਵੇਰੇ ਸਵਾ ਸੱਤ ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾ ਲਿਆ ਗਿਆ। ਪ੍ਰਾਪਤ ਹੋਈਆਂ ਖ਼ਬਰਾਂ ਮੁਤਾਬਿਕ ਅੱਗ ਸਿਰਫ਼ ਪਰਾਈਵੇਟ ਕੋਚ ਵਿੱਚ ਹੀ ਲੱਗੀ ਸੀ ਅਤੇ ਫ਼ਾਈਰ ਟੈਂਡਰਾਂ ਨੇ ਆਪਣੀ ਮਿਹਨਤ ਨਾਲ ਦੂਜੇ ਕੋਚਾਂ ਤੱਕ ਅੱਗ ਨਹੀਂ ਪਹੁੰਚਣ ਦਿੱਤੀ।
ਅੱਗ ਲੱਗਣ ਦਾ ਕਾਰਨ ਸਿਲੇਂਡਰ
ਪ੍ਰਾਪਤ ਹੋਈਆਂ ਖ਼ਬਰਾਂ ਮੁਤਾਬਿਕ ਕੋਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਕੋਚ ਵਿੱਚ ਗ਼ਲਤ ਤਰੀਕੇ ਨਾਲ ਲਿਜਾਇਆ ਜਾ ਰਿਹਾ ਸਿਲੇਂਡਰ ਸੀ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਰੇਲ ਗੱਡੀ ਵਿਚ ਸਿਲੇਂਡਰ ਲੈ ਕੇ ਜਾਣਾ ਸਖ਼ਤ ਮਨਾ ਹੈ। ਰੇਲਵੇ ਅਧਿਕਾਰੀਆਂ ਮੁਤਾਬਿਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।