ਕਿਸਾਨਾਂ ਦੇ ਹਿੱਤ ਲਈ ਸਰਕਾਰ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ 2410 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਗੰਢੇ ਦੀ ਖਰੀਦ ਮੁੜ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਖਰੀਦ ਨਾਲ ਸਰਕਾਰ ਨੂੰ ‘ਬਫਰ ਸਟਾਕ’ ਤਿਆਰ ਕਰਨ ’ਚ ਮਦਦ ਮਿਲੇਗੀ। ਸਰਕਾਰ ਨੇ ਕੀਮਤਾਂ ’ਚ ਵਾਧੇ ਦੇ ਖਦਸ਼ੇ ਦਰਮਿਆਨ ਘਰੇਲੂ ਉਪਲਬਧਤਾ ਵਧਾਉਣ ਲਈ 19 ਅਗਸਤ ਨੂੰ ਗੰਢੇ ’ਤੇ 40 ਫ਼ੀਸਦੀ ਐਕਸਪੋਰਟ ਡਿਊਟੀ ਲਗਾਈ ਸੀ। ਇਹ ਐਕਸਪੋਰਟ ਡਿਊਟੀ 31 ਦਸੰਬਰ 2023 ਤੱਕ ਜਾਰੀ ਰਹੇਗੀ।
ਵਪਾਰ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੰਢੇ ’ਤੇ ਐਕਸਪੋਰਟ ਡਿਊਟੀ ਲਗਾਉਣ ਦੇ ਨਾਲ ਹੀ ਸਰਕਾਰ ਨੇ ‘ਬਫਰ ਸਟਾਕ’ ਲਈ ਕਿਸਾਨਾਂ ਤੋਂ ਵਾਧੂ 2 ਲੱਖ ਟਨ ਗੰਢੇ ਖਰੀਦਣ ਦਾ ਫ਼ੈਸਲਾ ਕੀਤਾ। ਗੋਇਲ ਨੇ ਕਿਹਾ ਕਿ ਅਜਿਹਾ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੀਤਾ ਗਿਆ। ਇਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ ਮਿਲੇਗੀ। ਸਹਿਕਾਰੀ ਕਮੇਟੀਆਂ ਨੈਸ਼ਨਲ ਕੋਆਪ੍ਰੇਟਿਵ ਕੰਜਿਊਮਰਸ ਫੈੱਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ. ਸੀ. ਸੀ. ਐੱਫ.) ਅਤੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟ ਫੈੱਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ) ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਗੰਢੇ ਖਰੀਦ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖਰੀਦ 2410 ਰੁਪਏ ਪ੍ਰਤੀ ਕੁਇੰਟਲ ਦੀ ਨਿਰਧਾਰਤ ਦਰ ’ਤੇ ਕੀਤੀ ਜਾ ਰਹੀ ਹੈ।