ਮੋਹਾਲੀ : ਸ਼ਹੀਦ ਊਧਮ ਸਿੰਘ ਭਵਨ ਮੋਹਾਲੀ ਵਿਖੇ ਕੰਬੋਜ ਭਾਈਚਾਰੇ ਦੀ ਭਰਵੀਂ ਮੀਟਿੰਗ ਹੋਈ। ਇਹ ਮੀਟਿੰਗ 4 ਲੋਕਾਂ ਵਲੋਂ ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ’ਚੋਂ ਬਾਹਰ ਕਢਣ ਲਈ ਮਾਨਯੋਗ ਹਾਈ ਕੋਰਟ ’ਚ ਰਿੱਟ ਪਟੀਸ਼ਨ ਦਾਖਲ ਕਰਨ ਦੇ ਵਿਰੋਧ ’ਚ ਕੀਤੀ ਗਈ। ਇਸ ਦੇ ਪਿਛੇ ਇੱਕ ਪੀ.ਸੀ.ਐਸ. ਤੋਂ ਆਈ.ਏ.ਐਸ. ਬਣੇ ਅਧਿਕਾਰੀ ਦੀ ਸਾਜਿਸ਼ ਸਾਹਮਣੇ ਆਈ ਹੈ। ਉਸ ਦੇ ਖ਼ੂਨ ਦੇ ਰਿਸ਼ਤੇਦਾਰਾਂ ਵਲੋਂ ਇਹ ਰਿੱਟ ਪਟੀਸ਼ਨ ਪਾਈ ਗਈ ਹੈ। ਇਹ ਅਧਿਕਾਰੀ ਜਿਸ ਜਿਸ ਜ਼ਿਲ੍ਹੇ ’ਚ ਵੀ ਪੋਸਟਿੰਗ ’ਤੇ ਰਿਹਾ ਹੈ ਉਸ ਜ਼ਿਲ੍ਹੇ ’ਚੋਂ ਆਪਣਾ ਰਸੂਖ ਵਰਤ ਕੇ ਗ਼ਲਤ ਢੰਗ ਨਾਲ ਰਿਪੋਰਟਾਂ ਲੈ ਕੇ ਮਾਨਯੋਗ ਹਾਈ ਕੋਰਟ ਨੂੰ ਗੁਮਰਾਹ ਕਰਕੇ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਕੰਬੋਜ ਸਮਾਜ ਨੇ ਸਰਕਾਰ ਪਾਸ ਮੰਗ ਕੀਤੀ ਕੀ ਇਸ ਮਸਲੇ ਦੀ ਜਾਂਚ ਕਰਕੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਹਰਮੀਤ ਕੰਬੋਜ ਪੰਮਾ ਪੰਜਾਬ ਪ੍ਰਧਾਨ ਅੰਤਰਰਾਸ਼ਟਰੀ ਸਰਬ ਕੰਬਜ ਸਮਾਜ ਨੇ ਦੱਸਿਆ ਕਿ ਕੰਬੋਜ ਜਾਤੀ ਨੂੰ 1957 ’ਚ ਬੀ ਸੀ ਜਾਤੀ ਲਿਸਟ ’ਚ 5 ਸਾਲ ਲਈ ਲਿਆ ਸੀ, 1979 ’ਚ ਪੱਕੇ ਤੌਰ ’ਤੇ ਸ਼ਾਮਲ ਕਰ ਲਿਆ ਸੀ। ਉਹਨਾਂ ਕਿਹਾ ਕਿ 1995 ’ਤੋਂ ਹੀ ਇਹ 5 ਬੰਦੇ ਕੰਬੋਜ ਜਾਤੀ ਨੂੰ ਬਾਹਰ ਕਢਵਾਉਣ ਲਈ ਬੀ ਸੀ ਕਮਿਸ਼ਨ ’ਚ ਦਰਖਾਸਤਾਂ ਦਿੰਦੇ ਆ ਰਹੇ ਹਨ ਪਰ ਹਰ ਜਗ੍ਹਾ ਹਾਰਦੇ ਰਹੇ ਹਨ। ਪਰ ਹੁਣ ਇਸ ਅਫ਼ਸਰ ਦੇ ਰਸੂਖ ਨਾਲ ਕਈ ਤਰ੍ਹਾਂ ਦੀਆਂ ਗਲਤ ਰਿਪੋਰਟਾਂ ਕਰਵਾ ਰਹੇ ਹਨ ਤੇ ਹੁਣ ਕੋਰਟ ਦਾ ਰੁੱਖ ਕਰਕੇ ਸਾਰੀ ਕੰਬੋਜ ਬਿਰਾਦਰੀ ਦੀ ਨੀਂਦ ਹਰਾਮ ਕਰ ਦਿੱਤੀ ਹੈ।
ਲਿੰਕ ਨੂੰ ਕਲਿਕ ਕਰੋ ਅਤੇ ਖ਼ਬਰ ਪੜ੍ਹੋ : ਜੇ ਕੰਬੋਜਾਂ ਨੂੰ ਪਛੜੇ ਵਰਗਾਂ ਦੀ ਸੂਚੀ ਵਿਚੋਂ ਹਟਾਇਆ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ : ਜ਼ਾਹਿਦਾ ਸੁਲੇਮਾਨ
ਅੱਜ ਦੀ ਹੋਈ ਮੀਟਿੰਗ ਵਿੱਚ ਸ੍ਰੀ ਰਾਮ ਕਿਸ਼ਨ ਧੁਨਕਿਆ ਨੇ ਬਰਾਦਰੀ ਦੀ ਏਕਤਾ ਦੀ ਗੱਲ ਕਹੀ ਤੇ ਸਵਾਰਥੀ ਲੋਕਾਂ ਤੋਂ ਬਚਣ ਦੀ ਗੱਲ ਕੀਤੀ ਅਤੇ ਮੁੱਖ ਮੰਤਰੀ ਨੂੰ ਮਿਲਣ ਦੀ ਗੱਲ ਵੀ ਆਖੀ। ਜੁਗਿੰਦਰ ਪਾਲ ਭਾਟਾ ਨੇ ਕਿਹਾ ਕਿ ਪਿੰਡ-ਪਿੰਡ ਮੀਟਿੰਗ ਕਰਕੇ ਸਰਕਾਰ ’ਤੇ ਦਬਾਅ ਬਣਾਉਣਾ ਚਾਹੀਦਾ ਹੈ ਤੇ ਸਾਰੇ 117 ਐਮ ਐਲ ਏ ਤੱਕ ਮੰਗ ਪੱਤਰ ਪਹੁੰਚਾਇਆ ਜਾਵੇ। ਸ੍ਰੀ ਦਿਗਵਿਜੈ ਧੰਜੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜੇਕਰ ਨੈਸ਼ਨਲ ਬੀ ਸੀ ਕਮਿਸ਼ਨ ਪਾਸ ਜਾਣ ਦੀ ਜ਼ਰੂਰਤ ਹੋਵੇ ਤਾਂ ਉਹ ਸਮਾਂ ਲੈ ਕੇ ਨਾਲ ਚੱਲਣ ਨੂੰ ਤਿਆਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਮੈਮੋਰੰਡਮ ਦਿੱਤਾ ਜਾਵੇ। ਪ੍ਰੋਫੈਸਰ ਗੁਰਮੈਲ ਸਿੰਘ ਨੇ ਕਿਹਾ ਕਿ ਕੰਬੋਜ ਭਾਈਚਾਰੇ ਨੂੰ ਇਕੱਠੇ ਹੋ ਕੇ ਇਸ ਸਮਸਿਆ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਵੱਡੇ ਬਜ਼ੁਰਗ ਇਕ ਵਾਰ ਇਹਨਾਂ ਵਿਅਕਤੀਆਂ ਪਾਸ ਸਮਝਾਉਣ ਲਈ ਜਾਣ ਜੇ ਫਿਰ ਵੀ ਨਾ ਮੰਨਣ ਤਾਂ ਉਹਨਾਂ ਦੇ ਘਰਾਂ ਅੱਗੇ ਧਰਨਾ ਲਗਾਉਣ ਤੱਕ ਜਾਣਾ ਚਾਹੀਦਾ ਹੈ ਤਾਕਿ ਇਹਨਾਂ ਦੇ ਮੁਹੱਲਿਆਂ ਤੱਕ ਪੱਤਾ ਚੱਲੇ ਕਿ ਇਹਨਾਂ ਕੰਬੋਜ ਸਮਾਜ ਨਾਲ ਕੀ ਧਰੋਹ ਕਮਾਇਆ ਹੈ।
ਐਡਵੋਕੇਟ ਅਸ਼ੋਕ ਸਾਮਾ ਨੇ ਰਿੱਟ ਪਟੀਸ਼ਨ ਪੜ੍ਹ ਕੇ ਸੁਣਾਈ ਕਿ ਕਿਹੜੇ ਕਿਹੜੇ ਸਰਕਾਰੀ ਅਦਾਰਿਆਂ ਨੂੰ ਪਾਰਟੀ ਬਣਾਇਆ ਗਿਆਂ ਹੈ ਉਸ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ 14/12/2023 ਤਾਰੀਖ਼ ਹੈ ਕੇਸ ਤਾਂ ਲੜਨਾ ਹੀ ਹੈ ਉਦੋਂ ਤੱਕ ਸਰਕਾਰ ’ਤੇ ਦਬਾਅ ਪਾ ਕੇ ਸਰਵੇ ਰੁਕਵਾ ਕੇ ਸਹੀ ਢੰਗ ਨਾਲ ਸਰਕਾਰ ਵਲੋਂ ਰਿਪੋਰਟਾਂ ਭਿਜਵਾਈਆ ਜਾਣੀਆਂ ਯਕੀਨੀ ਬਣਾਈਆਂ ਜਾਣ। ਸ. ਪੀ ਪੀ ਸਿੰਘ ਰਿਟਾਇਰ ਸੈਸ਼ਨ ਜੱਜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੁੱਖ ਮੰਤਰੀ ਨੂੰ ਜੋ ਮੈਮੋਰੰਡਮ ਦੇਣਾ ਹੈ ਉਹ ਤਿਆਰ ਕੀਤਾ ਜਾ ਚੁੱਕਿਆ ਹੈ। ਐਮ ਐਲ ਏ ਜਗਦੀਪ ਕੰਬੋਜ ਗੋਲਡੀ ਨੂੰ ਸਮਾਂ ਲੈਣ ਲਈ ਕਿਹਾ ਗਿਆ ਹੈ। ਸਮਾਂ ਮਿਲਦੇ ਹੀ ਮੁੱਖ ਮੰਤਰੀ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਕੇ ਸਰਕਾਰ ਦਾ ਪੱਖ ਕੰਬੋਜ ਜਾਤੀ ਨੂੰ ਬੀ ਸੀ ਲਿਸਟ ’ਚ ਰੱਖਣ ਦਾ ਜੁਆਬ ਦਾਅਵਾ ਦਾਇਰ ਕਰਨ ਦਾ ਦਬਾਅ ਬਣਾਇਆ ਜਾਵੇਗਾ। ਵਿਸ਼ੂ ਕੰਬੋਜ ਨੇ ਤਕੜੇ ਹੋ ਕੇ ਲੜਾਈ ਲੜਣ ਦੀ ਗੱਲ ਆਖੀ। ਰਘਬੀਰ ਸਿੰਘ ਰਾਜਸਥਾਨ ਨੇ ਕੰਬੋਜ ਸਮਾਜ ਰਾਜਸਥਾਨ ਵਲੋਂ ਹਾਜਰੀ ਲਗਵਾਈ ਤੇ ਕਿਹਾ ਕਿ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ। ਅੰਕੁਸ਼ ਕੰਬੋਜ ਪ੍ਰਧਾਨ ਹਰਿਆਣਾ ਨੇ ਵੀ ਇਕੱਠ ਕਰਨ ਤੇ ਹਰ ਤਰ੍ਹਾਂ ਦੀ ਸਹਾਇਤਾ ਦੀ ਗੱਲ ਕਹੀ। ਬੋਬੀ ਕੰਬੋਜ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਭਾਈਚਾਰੇ ’ਚ ਏਕਤਾ ਕਾਈਮ ਰੱਖਣੀ ਸੱਭ ਦਾ ਫਰਜ਼ ਹੋਣਾ ਚਾਹੀਦਾ ਹੈ। ਸਮਾਜ ਦੇ ਐਡਵੋਕੇਸ ਪੀ ਪੀ ਸਿੰਘ, ਅਸ਼ੋਕ ਸਾਮਾ, ਗੁਰਜੀਤ ਸਿੰਘ ਕੋੜਾ, ੳ.ਪੀ. ਕੰਬੋਜ, ਬਿਲਾਵਲੁ ਹਾਂਡਾ ਨੇ ਮੁਫ਼ਤ ਕੇਸ ਲੜਕੇ ਜਿਤਣ ਦਾ ਭਰੋਸਾ ਦਿਵਾਇਆ ਹੈ। ਉਹਨਾਂ ਦਸਿਆ ਕਿ ਆਉਣ ਵਾਲੇ ਦਿਨਾਂ ’ਚ 5 ’ਚੋਂ ਇੱਕ ਪਟੀਸ਼ਰ ਦੇ ਕੇਸ ਵਾਪਸ ਲੈਣ ਦੇ ਦਸਤਖ਼ਤ ਮਿਲ ਜਾਣ ਦੀ ਸੰਭਾਵਨਾ ਹੈ। ਅਖੀਰ ’ਚ ਸ੍ਰੀ ਦੌਲਤ ਰਾਮ ਕੰਬੋਜ਼ ਸਰਪ੍ਰਸਤ ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਨੇ ਆਪਸੀ ਏਕਤਾ ਦਾ ਪਾਠ ਪੜ੍ਹਾਇਆ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਕੁਸ਼ ਕੰਬੋਜ ਅਕਾਲਗੜ੍ਹ ਪ੍ਰਧਾਨ ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਸਟੇਟ ਹਰਿਆਣਾ, ਡਿੰਪਲ ਕੰਬੋਜ, ਕੇਹਰ ਸਿੰਘ ਦੋਸੀ, ਦੌਲਤ ਪਟਵਾਰੀ, ਕੇਵਲ ਕੰਬੋਜ, ਡੀ ਸੀ ਕੰਬੋਜ ਬਨੂੜ, ਅਨੀਸ਼ ਕੰਬੋਜ, ਯੋਗੇਸ਼ ਕੰਬੋਜ, ਜਸਵੰਤ ਸਿੰਘ, ਸੰਨੀ ਕੰਬੋਜ, ਇੰਦਰਜੀਤ ਸਿੰਘ, ਸਿਵੈਨ ਕੰਬੋਜ ਤੇ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।