ਵਟਸਐਪ ਨੇ ਲੰਬੀ ਟੈਸਟਿੰਗ ਤੋਂ ਬਾਅਦ ਐਪ ਦੀ ਨਵੀਂ ਲੁੱਕ ਜਾਰੀ ਕਰ ਦਿੱਤੀ ਹੈ। ਵਟਸਐਪ ਦਾ ਨਵਾਂ ਇੰਟਰਫੇਸ ਅਜਿਹਾ ਹੈ ਕਿ ਇਕ ਹੱਥ ਨਾਲ ਵੀ ਇਸਤੇਮਾਲ ਕਰਨ 'ਚ ਪਰੇਸ਼ਾਨੀ ਨਹੀਂ ਹੋਵੇਗੀ। ਬਾਟਮ ਟੈਬ ਇੰਟਰਫੇਸ ਨੂੰ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਐਂਡਰਾਇਡ ਦੇ ਬੀਟਾ ਵਰਜ਼ਨ ਲਈ ਅਤੇ ਬਾਅਦ 'ਚ ਆਈ.ਓ.ਐੱਸ. ਲਈ ਜਾਰੀ ਕੀਤਾ ਸੀ। ਹੁਣ ਇਸਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਗਿਆ ਹੈ।
ਵਟਸਐਪ ਦੀ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਨਵਾਂ ਕਲਰ ਅਤੇ ਰੀ-ਡਿਜ਼ਾਈਨ ਇੰਟਰਫੇਸ ਮਿਲੇਗਾ। ਵਟਸਐਪ ਦੇ ਐਂਡਰਾਇਡ ਵਰਜ਼ਨ 2.23.20.76 'ਤੇ ਨਵੇਂ ਫੀਚਰ ਨੂੰ ਦੇਖਿਆ ਜਾ ਸਕਦਾ ਹੈ। ਇਹ ਵਰਜ਼ਨ ਗੂਗਲ ਪਲੇਅ ਸਟੋਰ 'ਤੇ ਵੀ ਮੌਜੂਦ ਹੈ। ਨਵੀਂ ਅਪਡੇਟ ਤੋਂ ਬਾਅਦ ਐਪ 'ਚ ਹੇਠਲੇ ਪਾਸੇ ਚੈਟ, ਅਪਡੇਟ, ਕਮਿਊਨਿਟੀ ਅਤੇ ਕਾਲ ਦੇ ਬਟਨ ਦਿਸਣਗੇ।ਇਨ੍ਹਾਂ ਸਭ ਟੈਬ ਦੇ ਨਾਲ ਨਵੇਂ ਆਈਕਨ ਵੀ ਦਿਸ ਰਹੇ ਹਨ। ਨਵੀਂ ਅਪਡੇਟ ਦੇ ਨਾਲ ਸਭ ਤੋਂ ਵੱਡਾ ਬਦਲਾਅ ਇਹੀ ਹੋਇਆ ਹੈ ਕਿ ਇਕ ਹੱਥ ਨਾਲ ਇਸਤੇਮਾਲ ਕਰਨ ਤੋਂ ਬਾਅਦ ਵੀ ਯੂਜ਼ਰਜ਼ ਵੱਖ-ਵੱਖ ਟੈਬ 'ਚ ਆਸਾਨੀ ਨਾਲ ਸਵਿੱਚ ਕਰ ਸਕਦ ਹਨ। ਨਵੀਂ ਅਪਡੇਟ ਫਿਲਹਾਲ ਐਂਡਰਾਇਡ ਯੂਜ਼ਰਜ਼ ਲਈ ਜਾਰੀ ਹੋਈ ਹੈ। ਜਲਦ ਹੀ ਇਸਨੂੰ ਆਈ.ਓ.ਐੱਸ. ਲਈ ਵੀ ਜਾਰੀ ਕੀਤਾ ਜਾ ਸਕਦਾ ਹੈ।
ਪਿਛਲੇ ਹਫਤੇ ਵਟਸਐਪ ਨੇ ਚੈਨਲ ਫੀਚਰ ਲਈ ਸਟੇਬਲ ਅਪਡੇਟ ਜਾਰੀ ਕੀਤੀ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਐਪ 'ਚ ਸਭ ਤੋਂ ਉਪਰ ਦਿਸਣ ਵਾਲਾ ਆਈਕਾਨਿਕ ਗਰੀਨ ਬਾਰ ਨਹੀਂ ਦਿਸੇਗਾ। ਹੁਣ ਪੂਰਾ ਇੰਟਰਫੇਸ ਚਿੱਟੇ ਰੰਗ 'ਚ ਦਿੱਸੇਗਾ।