ਪਟਿਆਲਾ : - ਪੰਜਾਬੀ ਯੂਨੀਵਰਸਿਟੀ ਦੇ ਫ਼ਾਰਮਸਿਊਟੀਕਲ ਸਾਇੰਸਜ਼ ਐਂਡ ਡਰੱਗ ਰਿਸਰਚ ਵਿਭਾਗ ਵੱਲੋਂ 'ਫ਼ਾਰਮੇਸੀ ਹਫ਼ਤਾ 2023' ਮਨਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। 'ਫ਼ਾਰਮਾ ਫ਼ੈਸਟ 2023' ਸਿਰਲੇਖ ਅਧੀਨ ਕਰਵਾਏ ਗਏ ਇਸ ਪ੍ਰੋਗਰਾਮ ਤਹਿਤ ਯੂਨੀਵਰਸਿਟੀ ਕੈਂਪਸ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਵਿਭਾਗ ਮੁਖੀ ਪ੍ਰੋ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਸਿਹਤ ਸੰਭਾਲ਼ ਪ੍ਰਣਾਲ਼ੀ ਵਿੱਚ ਫ਼ਾਰਮਾਸਿਸਟ ਦੀ ਭੂਮਿਕਾ ਅਤੇ ਡਰੱਗਜ਼ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਹਫ਼ਤਾ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਉਦੇਸ਼ ਨਾਲ਼ ਕਰਵਾਈਆਂ ਗਤੀਵਿਧੀਆਂ ਵਿੱਚ ਨੁੱਕੜ ਨਾਟਕ ਵੀ ਸ਼ਾਮਿਲ ਸੀ ਜੋ ਵਿਭਾਗ ਦੇ ਸਾਹਮਣੇ ਵਾਲ਼ੇ ਖੇਤਰ ਵਿੱਚ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਨਾਈਪਰ, ਮੋਹਾਲੀ ਤੋਂ ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰੋ. ਪਰਮਿਲ ਤਿਵਾੜੀ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਕਿਵੇਂ ਫ਼ਾਰਮੇਸੀ ਦੇ ਖੇਤਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ ਤਾਂ ਕਿ ਸਿਹਤ ਖੇਤਰ ਵਿਚ ਇਸ ਦੇ ਹੋਰ ਵਧੇਰੇ ਫ਼ਾਇਦੇ ਹੋ ਸਕਣ। 'ਫ਼ਾਰਮੇਸੀ ਹਫ਼ਤੇ' ਬਾਰੇ ਬੋਲਦਿਆਂ
ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ ਬਲਕਿ ਸਾਡੇ ਵਿੱਚ ਸਾਡੇ ਖੇਤਰ ਸੰਬੰਧੀ ਹੁਨਰ ਪੈਦਾ ਕਰਦੇ ਹਨ ਅਤੇ ਇਕੱਠਿਆਂ ਮਿਲ ਕੇ ਕੰਮ ਕਰਨ ਦਾ ਗੁਣ ਪੈਦਾ ਕਰਦੇ ਹਨ।
ਇਸ ਪ੍ਰੋਗਰਾਮ ਵਿੱਚ ਨੁੱਕੜ ਨਾਟਕ ਅਤੇ ਵਿਸ਼ੇਸ਼ ਭਾਸ਼ਣ ਤੋਂ ਇਲਾਵਾ ਡਿਬੇਟ ਮੁਕਾਬਲੇ, ਸਲੋਗਨ ਲੇਖਣੀ ਮੁਕਾਬਲੇ ਆਦਿ ਗਤੀਵਿਧੀਆਂ ਵੀ ਸ਼ਾਮਿਲ ਸੀ।