ਪਟਿਆਲਾ ਸਮਾਣਾ :- ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀ ਸਾਹਿਬ ਵਾਲਿਆਂ ਨੇ ਆਪਣੀ ਗੁਰਮਿਤ ਫੇਰੀ ਦੋਰਾਨ ਸੰਗਤਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿਤੀ ਅਤੇ ਸੰਗਤਾਂ ਨੂੰ ਸੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਣ ਦੀ ਪ੍ਰੇਰਣਾ ਦਿਤੀ।
ਉਹਨਾ ਕਿਹਾ ਕਿ ਹਰੇਕ ਪਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਪ੍ਰਾਪਤ ਕਰਕੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਵੱਸ ਵਿਚ ਕਰ ਸਕਦਾ ਹੈ ਉਹਨਾ ਕਿਹਾ ਕਿ ਸੱਚਾ ਸਾਧੂ ਸੰਤ ਉਹ ਹੈ ਜੋ ਮਨ ਨੂੰ ਸਾਧ ਲੈਂਦਾ ਹੈ,
ਕਿਉਂਕਿ ਮਨੁੱਖ ਦੀਆਂ ਇੰਦਰੀਆਂ ਗਲਤ ਸੋਚਣਾ ਸ਼ੁਰੂ ਕਰ ਦੇਣ ਤਾਂ ਮਨੁੱਖ ਨੂੰ ਵਿਨਾਸ ਵੱਲ ਲੈ ਜਾਂਦੀਆਂ ਹਨ,
ਪਰ ਮਨੁੱਖ ਗੁਰਬਾਣੀ ਨਾਲ ਜੁੜ ਕੇ ਇੰਦਰੀਆਂ ਨੂੰ ਵੱਸ ਵਿੱਚ ਕਰ ਲੈਂਦਾ ਹੈ, ਜੋ ਉਸ ਨੂੰ ਵਿਕਾਸ ਵੱਲ ਲੈ ਜਾਂਦੀਆਂ ਹਨ।
ਗੁਰਬਾਣੀ ਹੀ ਮਨੁੱਖ ਦਾ ਸਭ ਤੋਂ ਵੱਡਾ ਸਹਾਰਾ ਹੈ, ਜਿਸ ਨੂੰ ਸੱਚੇ ਮਨ ਨਾਲ ਧਿਆਉਣ, ਪੜ੍ਹਨ ਅਤੇ ਸਰਵਨ ਕਰਨ ਨਾਲ ਮਨ ਦੇ ਵਿਕਾਰ ਖਤਮ ਹੁੰਦੇ ਹਨ ਅਤੇ ਚੰਗੇ ਗੁਣ ਜੀਵਨ ਵਿੱਚ ਪ੍ਰਵੇਸ਼ ਕਰਦੇ ਹਨ।
ਬਾਬਾ ਗੁਰਵਿੰਦਰ ਸਿੰਘ ਮਾਂਡੀ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਫਰਮਾਇਆ ਕਿ ਸਾਨੂੰ ਗੁਰੂਆਂ, ਸੰਤਾਂ ਅਤੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਪੂਰੀ ਸ਼ਰਧਾ ਭਾਵਨਾ ਨਾਲ ਮਣਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਦੇ ਜੀਵਨ ਤੋਂ ਚੰਗੀਆਂ ਸਿੱਖਿਆਵਾਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕੇ।