ਸੁਨਾਮ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਗੁਣਵੱਤਾ ਭਰਪੂਰ ਪਰਾਲੀ (ਜਿਸ ਤੋਂ ਗੱਤਾ, ਬਾਇਓ ਗੈਸ, ਕਾਗਜ਼, ਪਲਾਈ, ਖਾਦ ਆਦਿ ਬਣਾਈਆਂ ਜਾ ਸਕਦੀਆਂ ਹਨ) ਹੁਣ ਸਮੱਸਿਆ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਝੋਨੇ ਦਾ ਸੀਜ਼ਨ ਨੇੜੇ ਆਉਂਦਾ ਹੈ, ਸਰਕਾਰਾਂ ਪਰਾਲੀ ਨਾ ਸਾੜਨ ਦੀ ਗੱਲ ਕਰਦੀਆਂ ਹਨ ਜਦੋਂ ਕਿ ਇਸ ਸਮੱਸਿਆ ਦੇ ਹੱਲ ਲਈ ਸਮੇਂ ਸਿਰ ਕਾਰਗਰ ਕਦਮ ਚੁੱਕਣ ਦੀ ਲੋੜ ਹੈ। ਸਿਰਫ਼ ਗੱਲਾਂ ਕਰਨ ਅਤੇ ਕਿਸਾਨ ਨੂੰ ਸਬਕ ਦੇਣ ਨਾਲ ਉਕਤ ਮਸਲੇ ਦਾ ਕੋਈ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਲੋੜੀਂਦੀਆਂ ਮਸ਼ੀਨਾਂ ਨਹੀਂ ਹਨ। ਜੇਕਰ ਗੰਢਾਂ ਬਣਾਈਆਂ ਜਾਣ ਤਾਂ ਕਈ-ਕਈ ਦਿਨ ਖੇਤਾਂ ਵਿੱਚੋਂ ਨਹੀਂ ਚੁੱਕੀਆਂ ਜਾਂਦੀਆਂ ,ਅਜਿਹੇ ਹਾਲਾਤਾਂ ਕਾਰਨ ਕਣਕ ਦੀ ਬਿਜਾਈ ਪਛੜ ਜਾਂਦੀ ਹੈ। ਉਨ੍ਹਾਂ ਕਿਹਾ ਸਰਕਾਰਾਂ ਵੱਲੋਂ ਠੰਢੇ ਕਮਰਿਆਂ (ਏਅਰ ਕੰਡੀਸ਼ਨਰ ) ਵਿੱਚ ਬੈਠਕੇ ਨੀਤੀਆਂ ਬਣਾਉਣ ਤੋਂ ਪਹਿਲਾਂ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ ਤਾਂ ਜ਼ੋ ਅਸਲ ਸਚਾਈ ਸਾਹਮਣੇ ਆ ਸਕੇ। ਕਿਸਾਨ ਆਗੂ ਉਗਰਾਹਾਂ ਨੇ ਕਿਹਾ ਕਿ ਪਰਾਲੀ ਤੋਂ ਕਈ ਤਰ੍ਹਾਂ ਦੇ ਉਤਪਾਦ ਬਣਾਏ ਜਾ ਸਕਦੇ ਹਨ ਪਰ ਸਰਕਾਰਾਂ ਨੇ ਇਸ ਨੂੰ ਸਮੱਸਿਆ ਬਣਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਕਿਸੇ ਵੀ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਦੇ ਸਮਰਥਨ ਵਿੱਚ ਨਹੀਂ ਹੈ, ਜਿਸ ਨੇ ਲੋਕਾਂ ਨੂੰ ਅੱਗ ਲਾਉਣ ਤੋਂ ਰੋਕਿਆ ਹੋਵੇ। ਨੀਤੀਆਂ ਦਾ ਵਿਰੋਧ ਕਰੋ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ। ਉਗਰਾਹਾਂ ਨੇ ਬਠਿੰਡਾ ਵਿੱਚ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਉਚਿਤ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਮੁਆਫ਼ੀ ਮੰਗੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੂੰ ਕਿਸਾਨਾਂ 'ਤੇ ਕੇਸ ਦਰਜ਼ ਨਹੀਂ ਕਰਨੇ ਚਾਹੀਦੇ ਸਨ।