ਫਤਿਹਗੜ੍ਹ ਸਾਹਿਬ :- ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਹਸਪਤਾਲ ਵਿਖੇ "ਵਿਸ਼ਵ ਸ਼ੂਗਰ ਦਿਵਸ" ਦੇ ਮੌਕੇ ਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਜਿਸ ਘਰ ਵਿੱਚ ਪਹਿਲਾਂ ਤੋਂ ਹੀ ਸ਼ੂਗਰ ਦਾ ਕੋਈ ਮਰੀਜ਼ ਹੋਵੇ , ਮੋਟਾਪਾ, ਸਰੀਰਕ ਕੰਮ ਦੀ ਘਾਟ, ਸੰਤੁਲਤ ਭੋਜਨ ਨਾ ਲੈਣਾ ,ਸਿਗਰਟ ,ਤੰਬਾਕੂ ਦਾ ਸੇਵਨ ,ਮਾਨਸਿਕ ਤਨਾਅ ਆਦਿ ਸ਼ੂਗਰ ਦੇ ਕਾਰਨ ਹੁੰਦੇ ਹਨ। ਉਹਨਾਂ ਕਿਹਾ ਕਿ ਬਹੁਤ ਜਿਆਦਾ ਪਿਆਸ ਲੱਗਣਾ ,ਰਾਤ ਨੂੰ ਵਾਰ ਵਾਰ ਪਿਸ਼ਾਬ ਆਉਣਾ, ਹਰ ਵੇਲੇ ਥਕਾਵਟ ਮਹਿਸੂਸ ਹੋਣੀ ,ਨਜ਼ਰ ਦਾ ਘਟ ਜਾਣਾ ,ਜਖਮ ਭਰਨ ਵਿੱਚ ਜਿਆਦਾ ਸਮਾਂ ਲੱਗਣਾ, ਅਚਾਨਕ ਵਜਨ ਦਾ ਘਟਨਾ ਅਤੇ ਹੱਥਾਂ ਪੈਰਾਂ ਵਿੱਚ ਸੁੰਨਪਣ ਹੋਣਾ ਆਦਿ ਇਸ ਦੇ ਲੱਛਣ ਹੁੰਦੇ ਹਨ ਉਹਨਾਂ ਕਿਹਾ ਕਿ ਅਜਿਹੇ ਲੱਛਣ ਹੋਣ ਤੇ ਵਿਅਕਤੀ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਡਾਕਟਰ ਨੂੰ ਦਿਖਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਡਾਕਟਰ ਵੱਲੋਂ ਸੁਝਾਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਪਿੰਡ ਪੱਧਰ ਤੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਸਕਰੀਨਿੰਗ ਕੈਂਪ ਲਗਾ ਕੇ ਰੋਗੀ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਉਸਦਾ ਮੁਫਤ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਇਸ ਮੌਕੇ ਤੇ ਉਹਨਾਂ ਸੂਗਰ ਸਬੰਧੀ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਬੱਚਿਆਂ ਦੇ ਮਾਹਿਰ ਡਾ ਗੁਰਮਹਿੰਦਰ ਸਿੰਘ, ਡਾ ਸਤਵਿੰਦਰ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਿਲਾ ਬੀਸੀਸੀ ਕੁਆਰਡੀਨੇਟਰ ਅਮਰਜੀਤ ਸਿੰਘ, ਮਾਨਵ ਸ਼ਾਹ, ਮਨਵੀਰ ਸਿੰਘ ਅਤੇ ਆਮ ਲੋਕ ਹਾਜ਼ਰ ਸਨ।