ਆਪ' ਸਰਕਾਰ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ
ਸੁਨਾਮ ਵਿਖੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਸੁਨਾਮ :- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਵਿਚਾਲੇ ਸਿਆਸੀ ਦੂਰੀ ਘਟਣ ਦੇ ਸੰਕੇਤ ਦਿੱਤੇ ਹਨ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਮੇਤ ਸਮੁੱਚਾ ਸੰਯੁਕਤ ਅਕਾਲੀ ਦਲ, ਸਿੱਖ ਪੰਥ ਅਤੇ ਸਮੁੱਚੇ ਪੰਜਾਬੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦਾ ਹੈ। ਜੇਕਰ ਅਕਾਲੀ ਦਲ ਮਜ਼ਬੂਤ ਨਾ ਹੋਇਆ ਤਾਂ ਇਹ ਪੰਜਾਬ ਅਤੇ ਸਿੱਖਾਂ ਲਈ ਘਾਤਕ ਸਿੱਧ ਹੋਵੇਗਾ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਅੱਗੇ ਸ਼ਰਤ ਰੱਖੀ ਹੈ ਕਿ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਭੁੱਲਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੁਆਫ਼ੀ ਮੰਗਣ, ਗਲਤੀ ਨੂੰ ਸਵੀਕਾਰ ਕਰਕੇ ਮੁਆਫੀ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਅਤੇ ਇਹੀ ਗੁਰੂ ਸਾਹਿਬਾਨ ਦਾ ਸੰਦੇਸ਼ ਹੈ। ਢੀੰਡਸਾ ਨੇ ਕਿਹਾ ਕਿ ਲੋਕਾਂ ਦੀ ਨਰਾਜ਼ਗੀ ਅਕਾਲੀ ਦਲ ਨਾਲ ਨਹੀਂ ਸਗੋਂ ਲੀਡਰਸ਼ਿਪ ਨਾਲ ਹੈ ਪਰੰਤੂ ਲੀਡਰਸ਼ਿਪ ਲੋਕਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਪੰਜਾਬ ਅਤੇ ਪੰਥ ਦੇ ਭਲੇ ਲਈ ਸਿਧਾਂਤਕ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕੀਤੀ ਸੀ। ਹੁਣ ਸਾਬਕਾ ਕੇਂਦਰੀ ਮੰਤਰੀ ਢੀਂਡਸਾ ਨੇ ਇੱਕ ਹੋਰ ਵਿਕਲਪ ਦਿੱਤਾ ਹੈ। ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸੁਲਤਾਨਪੁਰ ਲੋਧੀ ਵਿਖੇ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਦਾ ਸਰਕਾਰ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਗਿਆ ਹੈ। ਮੌਜੂਦਾ ਸਰਕਾਰ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ ਜਦਕਿ ਜ਼ਮੀਨੀ ਪੱਧਰ 'ਤੇ ਕੁੱਝ ਨਹੀਂ ਹੋ ਰਿਹਾ। ਇਸ ਮੌਕੇ ਸੀਨੀਅਰ ਆਗੂ ਗੁਰਚਰਨ ਸਿੰਘ ਧਾਲੀਵਾਲ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਕੌਂਸਲਰ ਮੋਂਟੀ ਮਧਾਨ, ਸੁਨੀਤਾ ਸ਼ਰਮਾ, ਗੋਪਾਲ ਸ਼ਰਮਾ, ਮਾਸਟਰ ਦਲਜੀਤ ਸਿੰਘ , ਪ੍ਰਿਤਪਾਲ ਸਿੰਘ ਕਾਲਾ ਕੋਕੋਮਾਜਰੀ , ਤਰਸੇਮ ਸਿੰਘ ਘੁੱਗਾ, ਸੰਦੀਪ ਸਿੰਘ ਦਿਓਸੀ ਆਦਿ ਹਾਜ਼ਰ ਸਨ।