ਪਟਿਆਲਾ : ਕੌਮਾਂਤਰੀ ਦਿਵਿਆਂਗਤਾ ਦਿਵਸ ਮੌਕੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਪੰਜਾਬੀ ਯੂਨੀਵਰਸਿਟੀ ਵਿਖੇ ਸਵੀਪ ਟੀਮ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਨੇ ਸਾਨੂੰ ਵੋਟ ਕਰਨ ਦਾ ਜੋ ਅਧਿਕਾਰ ਦਿੱਤਾ ਹੈ, ਉਸ ਦੀ ਹਰੇਕ ਯੋਗ ਵੋਟਰ ਨੂੰ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਦਿਵਿਆਂਗਜਨ ਜੋ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ, ਉਹ ਆਪਣੀ ਵੋਟ ਦੀ ਵਰਤੋਂ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰਿਕ ਪ੍ਰਣਾਲੀ ਨੂੰ ਬਣਾਉਣ 'ਚ ਆਪਣਾ ਯੋਗਦਾਨ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਇਸ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਉਨ੍ਹਾਂ ਨੂੰ ਵੀ ਪ੍ਰੇਰਿਤ ਕਰਕੇ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਦਾ ਹਿੱਸਾ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਮਾਜ ਦੇ ਹਰੇਕ ਵਰਗ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜਿਥੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਪੋਲਿੰਗ ਬੂਥਾਂ 'ਤੇ ਵੀ ਦਿਵਿਆਂਗਜਨਾਂ ਨੂੰ ਵੀਲ ਚੇਅਰ, ਰੈਂਪ ਅਤੇ ਵਲੰਟੀਅਰ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਕਿਸੇ ਵੀ ਵੋਟਰ ਨੂੰ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨ 'ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਉਨ੍ਹਾਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਬਣਾਈਆਂ ਗਈਆਂ ਪੇਂਟਿੰਗਾਂ ਨੂੰ ਦੇਖਿਆ ਅਤੇ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਸਕਸ਼ਮ ਐਪ ਦੀ ਬਣਾਈ ਗਈ ਪੇਂਟਿੰਗ ਨੂੰ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਅਤੇ ਸਟੇਟ ਆਇਕਨ ਡਾ. ਕਿਰਨ ਨੇ ਵੋਟਰਾਂ ਨੂੰ ਜਾਗਰੂਕ ਕਰਦੀ ਸਾਈਕਲ ਰੈਲੀ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਸ ਸਾਈਕਲ ਰੈਲੀ ਦੀ ਅਗਵਾਈ ਪੈਰਾ ਸਾਈਕਲਿਸਟ -ਕਮ- ਜ਼ਿਲ੍ਹਾ ਸਵੀਪ ਆਈਕਨ ਜਗਵਿੰਦਰ ਸਿੰਘ ਨੇ ਕੀਤੀ ਜਿਸ 'ਚ ਪੰਜਾਬੀ ਯੂਨੀਵਰਸਿਟੀ ਅਤੇ ਰਾਇਨ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਵੀਪ ਕੋਰ ਕਮੇਟੀ ਮੈਂਬਰ -ਕਮ- ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਮੁਹਾਲੀ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ, ਸਟੇਟ ਕੋਆਡੀਨੇਟਰ ਮਨਪ੍ਰੀਤ ਸਿੰਘ ਅਨੇਜਾ ਸ਼ਾਮਲ ਹੋਏ। ਜਦਕਿ ਡੀਨ ਅਕਾਦਮਿਕ ਅਸ਼ੋਕ ਤਿਵਾੜੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸ਼ਵਿੰਦਰ ਸਿੰਘ ਰੇਖੀ, ਚੋਣ ਤਹਿਸੀਲਦਾਰ ਰਾਮਜੀ ਲਾਲ, ਅਸ਼ੋਕ ਰੌਣੀ, ਦਲਜੀਤ ਅੰਮੀ ਅਤੇ ਨਰਿੰਦਰ ਸਿੰਘ ਢੀਂਡਸਾ ਵੀ ਮੌਜੂਦ ਸਨ।
ਰਾਜ ਪੱਧਰੀ ਸਮਾਗਮ ਦੌਰਾਨ ਪੈਰਾ ਸਾਈਕਲਿਸਟ-ਕਮ-ਜ਼ਿਲ੍ਹਾ ਸਵੀਪ ਆਈਕਨ ਜਗਵਿੰਦਰ ਸਿੰਘ, ਜ਼ਿਲ੍ਹਾ ਆਈਕਨ ਉਜਾਗਰ ਸਿੰਘ ਅੰਟਾਲ, ਗੁਰਪ੍ਰੀਤ ਸਿੰਘ ਨਾਮਧਾਰੀ, ਅਸ਼ੋਕ ਰੌਣੀ, ਜਗਦੀਪ ਸਿੰਘ ਅਤੇ ਪੈਰਾ ਓਲੰਪਿਕਸ ਦੀ ਜੇਤੂ ਵਿਦਿਆਰਥਣ ਪੂਜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਬਲਾਈਂਡ ਐਂਡ ਡੈਫ਼ ਸਕੂਲ, ਸੈਫ਼ਦੀਪੁਰ, ਪਟਿਆਲਾ) ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਪੰਜਾਬ ਚੋਣਾਂ ਦੇ ਮੈਸਕਾਟ 'ਸ਼ੇਰਾ' ਦੇ ਰੂਪ ਵਿੱਚ ਸਮਾਗਮ ਵਿੱਚ ਹਿੱਸਾ ਲਿਆ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਸਾਈਨ ਲੈਂਗੁਏਜ ਵਿੱਚ ਰਾਸ਼ਟਰ ਗਾਨ ਪੇਸ਼ ਕੀਤਾ ਗਿਆ ਅਤੇ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਰੰਗੋਲੀ ਬਣਾਈ।