ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amrinder Singh) ਨੇ ਅੱਜ ਨਾਮਵਰ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 76 ਸਾਲਾਂ ਦੇ ਸਨ ਜੋ ਅੱਜ ਬਾਅਦ ਦੁਪਹਿਰ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਵਸੇ।
ਲਿੰਕ ਨੂੰ ਕਲਿਕ ਕਰੋ ਤੇ ਇਹ ਵੀ ਖ਼ਬਰ ਪੜ੍ਹੋ : ਨਹੀਂ ਰਹੇ ਮਸ਼ਹੂਰ ਅਦਾਕਾਰ ਸਤੀਸ਼ ਕੌਲ Satish Kaul
ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸਤੀਸ਼ ਕੌਲ ਨੂੰ ਬਹੁ-ਪੱਖੀ ਅਦਾਕਾਰ ਦੱਸਿਆ ਜਿਨ੍ਹਾਂ ਨੇ ਪੰਜਾਬ ਸਿਨੇਮਾ, ਕਲਾ ਅਤੇ ਸੱਭਿਆਚਾਰ ਦੇ ਪਾਸਾਰ ਵਿਚ ਅਹਿਮ ਭੂਮਿਕਾ ਨਿਭਾਈ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਹੋਣ ਦੇ ਨਾਤੇ ਸਤੀਸ਼ ਕੌਲ ਨੂੰ ਪੰਜਾਬੀ ਸਿਨੇਮੇ ਨੂੰ ਲੋਕਾਂ ਵਿਚ ਮਕਬੂਲ ਕਰਨ ਲਈ ਪਾਏ ਗਏ ਮਿਸਾਲੀ ਯੋਗਦਾਨ ਲਈ ਹਮੇਸ਼ਾ ਚੇਤੇ ਕੀਤਾ ਜਾਵੇਗਾ।
ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਸੰਕਟ ਦੀ ਘੜੀ ਵਿਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਜ਼ਿਕਰਯੋਗ ਹੈ ਕਿ ਸਤੀਸ਼ ਕੌਲ ਦਾ ਜਨਮ 8 ਸਤੰਬਰ 1946 ਨੂੰ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਦੇਵ ਆਨੰਦ, ਦਲੀਪ ਕੁਮਾਰ ਅਤੇ ਸ਼ਾਹਰੂਖ ਖ਼ਾਨ ਨਾਲ ਵੀ ਕੰਮ ਕੀਤਾ ਹੈ। ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਸਸੀ ਪੁਨੂੰ, ਪਟੋਲਾ, ਸੁਹਾਗ ਚੂੜਾ, ਇਸ਼ਕ ਨਿਮਾਣਾ ਹਨ। ਸਤੀਸ਼ ਕੌਲ ਨੂੂੰ ਪੀ.ਟੀ.ਸੀ. ਪੰਜਾਬੀ ਫ਼ਿਲਮ ਐਵਾਰਡ 2011 ਵਿੱਚ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਿਵਾਜਿਆ ਚੁਕਿਆ ਹੈ। ਸਤੀਸ਼ ਕੌਲ ਨੂੰ ਪੰਜਾਬੀ ਸਿਨੇਮਾ ਜਗਤ ਦਾ ਅਮਿਤਾਬ ਬਚਨ ਵੀ ਆਖਿਆ ਜਾਂਦਾ ਹੈ। ਸਤੀਸ਼ ਕੌਲ ਨੇ ਆਪਣਾ ਫ਼ਿਲਮੀ ਸਫ਼ਰ ਐਕਟਿੰਗ ਸਕੂਲ ਲੁਧਿਆਣਾ ਤੋਂ ਸ਼ੁਰੂ ਕੀਤਾ ਸੀ।