ਐਸ.ਏ.ਐਸ. ਨਗਰ : ਸਥਾਨਕ ਸੈਕਟਰ 70 ਅਤੇ ਫੇਜ਼ 7 ਦੀਆਂ ਟ੍ਰੈਫਿਕ ਲਾਈਟਾਂ ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀ ਗੰਭੀਰ ਜਖਮੀ ਹੋ ਗਏ। ਇਸ ਦੌਰਾਨ ਗੰਭੀਰ ਜਖਮੀ ਹੋਏ ਇੱਕ ਵਿਅਕਤੀ ਦੀ ਸੈਕਟਰ 32 ਦੇ ਹਸਪਤਾਲ ਵਿੱਚ ਮੌਤ ਹੋਣ ਦੀ ਖਬਰ ਹੈ, ਪਰੰਤੂ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਹਾਦਸੇ ਵਿੱਚ ਜਖਮੀ ਇੱਕ ਪਤੀ ਪਤਨੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਫੇਜ਼ 7 ਅਤੇ ਸੈਕਟਰ 70 ਦੀਆਂ ਲਾਇਟਾਂ (ਬਿਜਲੀ ਗਰਿਡ ਦੇ ਨੇੜੇ) ਅੱਜ ਸਵੇਰੇ ਇੱਕ ਤੇਜ ਰਫਤਾਰ ਹੋਂਡਾ ਸਿਟੀ ਕਾਰ ਨੇ ਫੇਜ਼ 5 ਵਾਲੇ ਪਾਸਿਓਂ ਆ ਰਹੇ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਅਤੇ ਬਾਅਦ ਵਿੱਚ ਕਾਰ ਉੱਥੋਂ ਲੰਘ ਰਹੇ ਇੱਕ ਐਕਟਿਵਾ ਵਿੱਚ ਵੱਜੀ ਜਿਸ ਕਾਰਨ ਆਟੋ ਦਾ ਚਾਲਕ ਅਤੇ ਐਕਟਿਵਾ ਤੇ ਜਾ ਰਹੇ ਇੱਕ ਪਤੀ ਪਤਨੀ ਜਖਮੀ ਹੋ ਗਏ। ਇਸ ਟੱਕਰ ਤੋਂ ਬਾਅਦ ਵੀ ਹੋਂਡਾ ਸਿਟੀ ਕਾਰ ਇੱਥੇ ਨਹੀਂ ਰੁਕੀ ਅਤੇ ਇੱਕ ਦਰਖਤ ਨਾਲ ਜਾ ਟਕਰਾਈ।
ਇਸ ਹਾਦਸੇ ਦੌਰਾਨ ਆਟੋ ਰਿਕਸ਼ਾ ਦਾ ਚਾਲਕ ਚਾਲਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਮੁਹਾਲੀ ਵਿੱਚ ਲਿਜਾਇਆ ਗਿਆ ਪਰੰਤੂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆ ਡਾਕਟਰਾਂ ਨੇ ਉਸਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ 32 ਚੰਡੀਗੜ੍ਹ ਰੇਫਰ ਕਰ ਦਿੱਤਾ। ਇਸ ਦੌਰਾਨ ਹਾਦਸੇ ਵਿੱਚ ਐਕਟਿਵਾ ਸਵਾਰ ਪਤੀ-ਪਤਨੀ ਵੀ ਬੁਰੀ ਤਰ੍ਹਾਂ ਜਖ਼ਮੀ ਹੋਏ ਗਏ ਜਿਨ੍ਹਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲੀਸ ਵਲੋਂ ਇਸ ਹਾਦਸੇ ਦੇ ਜਖਮੀਆਂ ਦੇ ਬਿਆਨ ਲਏ ਜਾ ਰਹੇ ਹਨ ਜਿਹਨਾਂ ਦੇ ਆਧਾਰ ਤੇ ਬਣਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।