ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਤਵਾਦ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੇ ਪਾਕਿਸਤਾਨ ਸਥਿਤ ਅੱਤਵਾਦੀ ਲਖਬੀਰ ਰੋਡੇ ਦੇ ਕਰੀਬੀ ਸਾਥੀ ਪਰਮਜੀਮ ਸਿੰਘ ਉਰਫ਼ ਪੰਜਾਬ ਸਿੰਘ ਉਰਫ਼ ਢਾਡੀ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ, ਅੱਤਵਾਦੀਆਂ ਦੀ ਭਰਤੀ ਕਰਨ, ਫੰਡਿੰਗ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਪਰਮਜੀਤ ਸਿੰਘ, ਇੱਕ ਬ੍ਰਿਟਿਸ਼ ਨਾਗਰਿਕ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ) ਦਾ ਇੱਕ ਸੰਸਥਾਪਕ ਮੈਂਬਰ ਹੈ, ਜੋ 90 ਦੇ ਮੁਢਲੇ ਦਹਾਕੇ ਵਿੱਚ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਬਾਅਦ ’ਚ 2003 ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹ ਅੱਤਵਾਦਕ ਗਤੀਵਿਧੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ, ਦੋਸ਼ੀ ਯੂ.ਕੇ ਵਾਪਸ ਪਰਤਿਆ ਪਰ ਯੂ.ਕੇ ਅਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਸੰਗਠਨ ਲਈ ਇੱਕ ਪ੍ਰੇਰਕ, ਭਰਤੀ ਕਰਨ ਵਾਲੇ ਅਤੇ ਫੰਡ ਇਕੱਠਾ ਕਰਨ ਵਾਲੇ ਮੈਂਬਰ ਵਜੋਂ ਕੰਮ ਕਰਦਿਆਂ ਉਸਨੇ ਆਈ.ਐਸ.ਵਾਈ.ਐਫ. ਵਿੱਚ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 2021 ਵਿੱਚ, ਦੋਸ਼ੀ ਪਰਮਜੀਤ ਢਾਡੀ ਦਾ ਨਾਮ ਪੰਜਾਬ ਵਿੱਚ ਆਈ.ਐਸ.ਵਾਈ.ਐਫ. ਕੇਡਰ ਦੇ ਪੁਨਰਗਠਨ ਕਰਨ ਵਾਲਿਆਂ ਵਿੱਚ ਸ਼ਾਮਲ ਪਾਇਆ ਗਿਆ ਸੀ। ਜੋ ਕਿ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਵਿਸ਼ੇਸ਼ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਫੰਡ ਅਤੇ ਖਾੜਕੂ ਹਾਰਡਵੇਅਰ ਦਾ ਇੰਤਜ਼ਾਮ ਕਰਦਾ ਸੀ। ਉਨ੍ਹਾਂ ਕਿਹਾ ਕਿ ਢਾਡੀ ਦੇ ਪੰਜਾਬ ਵਿੱਚ ਦਹਿਸ਼ਤੀ ਫੰਡਿੰਗ ਅਤੇ ਹੋਰ ਦਮਨਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਐਲ.ਓ.ਸੀ. ਜਾਰੀ ਕੀਤਾ ਗਿਆ ਸੀ। ਉਕਤ ਗ਼ਿ੍ਰਫਤਾਰੀ ਨੂੰ ਖਿੱਤੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਹਿਸ਼ਤੀ ਮਾਡਿਊਲ ਲਈ ਇੱਕ ਵੱਡਾ ਝਟਕਾ ਕਰਾਰ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੂਰੇ ਅਤਿਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਨਿਰੰਤਰ ਜਾਰੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਢਾਡੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੋਮਵਾਰ ਨੂੰ ਸ੍ਰੀ ਗੁਰੂ ਰਾਮਦਾਸ ਏਅਰਪੋਰਟ, ਅੰਮ੍ਰਿਤਸਰ ਤੋਂ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਉਹ ਪੰਜਾਬ ਸਿੰਘ ਦੇ ਨਾਮ ਵਾਲੇ ਬ੍ਰਿਟਿਸ਼ ਪਾਸਪੋਰਟ ’ਤੇ ਯੂਕੇ ਜਾਣ ਲਈ ਜਹਾਜ਼ ਵਿੱਚ ਸਵਾਰ ਹੋ ਰਿਹਾ ਸੀ। ਪੁਲਿਸ ਵਲੋਂ ਢਾਡੀ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ 13, 16, 17, 18, 18-ਬੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ 20, ਵਿਸਫੋਟਕ ਐਕਟ ਦੀ ਧਾਰਾ 3,4,5, ਅਸਲਾ ਐਕਟ ਦੀ ਧਾਰਾ 25, ਐਨਡੀਪੀਐਸ ਐਕਟ ਦੀ ਧਾਰਾ 21, 25, 27-ਏ ਅਤੇ 29 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 120, 120-ਬੀ ਤਹਿਤ ਐਫਆਈਆਰ ਨੰਬਰ 18 ਮਿਤੀ 02.09.2021 ਪੁਲਿਸ ਸਟੇਸ਼ਨ ਐਸਐਸਓਸੀ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਦਰਜ ਕੇਸ ਦਰਜ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਢਾਡੀ ਲਖਬੀਰ ਸਿੰਘ ਰੋਡੇ ਦੇ ਲਗਾਤਾਰ ਸੰਪਰਕ ਵਿੱਚ ਸੀ। ਏਆਈਜੀ ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਅਕਸਰ ਆਉਂਦਾ-ਜਾਂਦਾ ਸੀ ਅਤੇ ਰੋਡੇ ਦੇ ਨਿਰਦੇਸ਼ਾਂ ’ਤੇ, ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਨੌਜਵਾਨਾਂ ਦੀ ਪਛਾਣ ਕਰਦਾ ਸੀ ਅਤੇ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਦਾ ਹਿੱਸਾ ਬਣਨ ਲਈ ਪ੍ਰੇਰਦਾ ਸੀ।